ਵਹਿਮ ਭਰਮ

ਕਈ ਵਾਰ ਜਦ ਲੋਕਾਂ ਤੋਂ ਸੁਣਦੀ ਆਂ ਬਈ ਅਸੀਂ ਨੀ ਕਿਸੇ ਵਹਿਮ ਭਰਮ ਚ ਵਿਸ਼ਵਾਸ਼ ਕਰਦੇ ਜਾਂ ਮੰਨਦੇ , ਤਾਂ ਯਕੀਨ ਜਿਹਾ ਨੀ ਹੁੰਦਾ। ਮੈਨੂੰ ਲੱਗਦਾ ਬਈ ਇਹ ਵਹਿਮ ਭਰਮ ਤਾਂ ਸਾਡੇ ਨਾਲ ਈ ਜੰਮਦੇ ਪਲਦੇ ਵੱਡੇ ਹੁੰਦੇ ਰਹਿੰਦੇ ਆ। ਸਾਨੂੰ ਤਾਂ ਜੰਮਦਿਆਂ ਨੂੰ ਈ ਇਹਨਾਂ ਦੀ ਗੁੜਤੀ ਮਿਲ ਜਾਂਦੀ ਆ, ਤੇ ਰਹਿੰਦੀ ਕਸਰ ਦਾਦੀਆਂ ਨਾਨੀਆਂ ਦੀਆਂ ਬੁੱਕਲਾਂ ਚ ਬੈਠ ਕੇ ਬਾਤਾਂ ਬਤੋਲੀਆਂ ਸੁਣਦਿਆਂ ਦੀ ਪੂਰੀ ਹੋ ਜਾਂਦੀ ਆ। ਵੱਡੇ ਹੋਕੇ ਭਾਵੇਂ ਇਹਨਾਂ ਵਹਿਮਾਂ ਭਰਮਾਂ ਨੂੰ ਮੰਨੀਏ ਜਾਂ ਨਾ ਮੰਨੀਏ ਪਰ ਰਹਿੰਦੇ ਇਹ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਈ ਨੇ। ਕਈ ਵਾਰ ਨਾ ਚਾਹੁੰਦਿਆਂ ਵੀ ਦਾਦੀ ਨਾਨੀ ਜਾਂ ਮਾਂ ਦਾ ਦਿਲ ਰੱਖਣ ਲਈ ਮੰਨਦੇ ਆਂ ਤੇ ਕਈ ਵਾਰ ਆਪਣੇ ਈ ਮਨ ਦੀ ਸ਼ਾਂਤੀ ਲਈ ਮੰਨ ਲੈਂਨੇ ਆਂ । ਬਹੁਤੀ ਵਾਰ ਤਾਂ ਇਹ ਵਹਿਮ ਭਰਮ ਸਾਡੇ ਚੇਤਿਆਂ ਚੋਂ ਸੁਤੇ ਸਿੱਧ ਈ ਨਿੱਕਲ ਕੇ ਸਾਹਮਣੇ ਆ ਖੜਦੇ ਆ।

ਜਦ ਆਪਣੇ ਬਚਪਨ ਬਾਰੇ ਸੋਚਦੀ ਆਂ ਤਾਂ ਹਰ ਜੁਆਕ ਈ ਲੋਅ ਨਾਲ ਅੱਖਾਂ ਲਿੱਬੜੀਆਂ ਵਾਲਾ, ਮੱਥੇ ਤੇ ਨਜਰ ਤੋਂ ਲੱਗੇ ਕਾਲੇ ਟਿੱਕਾ ਵਾਲਾ ਤੇ ਗਲ ਚ ਤਵੀਤ ਵਾਲਾ ਯਾਦ ਆਉਂਦਾ। ਵੈਸੇ ਉਹਨਾਂ ਵੇਲਿਆਂ ਚ ਤਾਂ ਘਰ ਦੀਆਂ ਅੱਧੀਆਂ ਮਿਰਚਾਂ ਬੀਬੀਆਂ ਜੁਆਕਾਂ ਜਾਂ ਮੱਝਾਂ ਤੋਂ ਵਾਰ ਵਾਰ ਚੁੱਲਿਆਂ ਚ ਈ ਸਾੜ ਦਿੰਦੀਆਂ ਸੀ। ਹਰ ਪਿੰਡ ਚ ਈ ਕੋਈ ਨਾ ਕੋਈ ਬੁਰੀ ਨਜਰ ਲਈ ਮਸ਼ਹੂਰ ਜਰੂਰ ਹੁੰਦਾ ਸੀ ਤੇ ਘਰ ਵਾਲੇ ਉਹਦੇ ਜਾਂਦਿਆਂ ਸਾਰ ਈ ਉਹਦੇ ਪੈਰਾਂ ਦੀ ਮਿੱਟੀ ਚੱਕ ਕੇ ਚੁੱਲੇ ਚ ਜਰੂਰ ਪਾਉਂਦੇ ਸੀ। ਜੇ ਕਿਸੇ ਜੁਆਕ ਨੇ ਮਾੜਾ ਜਿਹਾ ਵੇਲੇ ਕੁਵੇਲੇ ਰੋਣ ਲੱਗ ਜਾਣਾ ਜਾਂ ਮੱਝ ਨੇ ਨਾਂ ਮਿਲਣਾ ਤਾਂ ਜਦੇ ਦਾਦੀ ਨੇ ਬਾਬੇ ਤੋਂ ਹਥੌਲਾ ਪੁਆਉਣ ਜਾਂ ਪੇੜਾ ਕਰਾਉਣ ਤੁਰ ਪੈਣਾ। ਇਹ ਤਾਂ ਪਤਾ ਨੀ ਬਈ ਹਥੌਲੇ ਦਾ ਅਸਰ ਹੁੰਦਾ ਸੀ ਜਾਂ ਬਾਹਰ ਟੱਪਦੇ ਟਪਾਉਂਦੇ ਜਾਂਦੇ ਜੁਆਕ ਦੇ ਪੇਟ ਦੀ ਗੈਸ ਨਿੱਕਲ ਜਾਂਦੀ ਸੀ, ਪਰ ਅਸਲ ਕਰੈਡਿੱਟ ਬਾਬੇ ਨੂੰ ਈ ਮਿਲਦਾ ਸੀ। ਕਈ ਵਾਰ ਤਾਂ ਸੋਚਦੀ ਆਂ ਬਈ ਸ਼ਾਇਦ ਮੱਝਾਂ ਨੂੰ ਪੇੜੇ ਕਰਵਾਉਣ ਵਾਲੀਆਂ ਵਹਿਮੀ ਬੀਬੀਆਂ ਨੇ ਸਾਡਾ ਐਨਾ ਨੁਕਸਾਨ ਨੀ ਕਰਿਆ ਜਿੰਨਾ ਹੁਣ ਅਸੀਂ ਪੜੇ ਲਿਖੇ ਮੱਝਾਂ ਦੇ ਟੀਕੇ ਲਾ ਲਾ ਕਰ ਰਹੇ ਆਂ। ਅਸੀਂ ਤਾਂ ਵੱਡਿਆਂ ਸਿਆਣਿਆਂ ਨੇ ਉਹਨਾਂ ਦੇ ਪੰਜਵੇਂ ਰਤਨ ਨੂੰ ਵੀ ਜਹਿਰ ਬਣਾ ਤਾ।

ਮੈਂ ਇਹ ਨੀ ਕਹਿੰਦੀ ਬਈ ਵਹਿਮਾਂ ਚ ਵਹਿਣਾ ਕੋਈ ਚੰਗੀ ਗੱਲ ਆ ਪਰ ਇਹ ਜਰੂਰ ਲੱਗਦਾ ਬਈ ਵਹਿਮ ਭਰਮ ਜਾਂ ਰੀਤੀ ਰਿਵਾਜ ਤਾਂ ਹਰ ਦੇਸ਼ ਹਰ ਸਮਾਜ ਦਾ ਈ ਈ ਇੱਕ ਅਨਿੱਖੜਵਾਂ ਅੰਗ ਹੁੰਦੇ ਆ। ਕਿਸੇ ਸਮੇਂ ਇਹਨਾਂ ਪਿੱਛੇ ਕੋਈ ਤਰਕ ਜਾਂ ਕਾਰਣ ਹੁੰਦਾ ਸੀ ਪਰ ਸਮੇਂ ਨਾਲ ਅਸੀਂ ਇਹਨਾਂ ਦੇ ਪਿਛਲੀ ਸੱਚਾਈ ਜਾਂ ਕਾਰਣ ਭੁੱਲ ਭਲਾ ਗਏ ,ਤੇ ਹੁਣ ਬੱਸ ਲਕੀਰ ਦੇ ਫਕੀਰ ਬਣੇ ਇਹਨਾਂ ਨੂੰ ਮੰਨੀ ਜਾ ਰਹੇ ਆਂ। ਅੱਜ ਈ ਬੈਠੀ ਸੋਚ ਰਹੀ ਸੀ ਬਈ ਛੋਟੇ ਹੁੰਦਿਆਂ ਮੰਜੇ ਤੇ ਬੈਠ ਕੇ ਲੱਤਾਂ ਹਿਲਾਉਣ ਪਿੱਛੇ ਬੜੀਆਂ ਗਾਲਾਂ ਸੁਣਦੇ ਰਹੇ ਆਂ ਪਰ ਅਸਲ ਕਾਰਣ ਕਦੇ ਨੀ ਪਤਾ ਲੱਗਿਆ। ਸ਼ਾਇਦ ਅੱਗੇ ਕੱਚੇ ਘਰਾਂ ਚ ਸੱਪ ਸਲੂਟੀਆ ਲੜਨ ਦਾ ਡਰ ਆਮ ਈ ਹੁੰਦਾ ਸੀ। ਸਿਆਣਿਆ ਨੂੰ ਪਤਾ ਹੁੰਦਾ ਸੀ ਬਈ ਹਿੱਲਦੀਆਂ ਚੀਜਾਂ ਤੇ ਈ ਸੱਪ ਸਲੂਟੀਆਂ ਡੰਗ ਮਾਰਦੀਆਂ ,ਸ਼ਾਇਦ ਏਸੇ ਕਰਕੇ ਉਹਨਾਂ ਨੇ ਲੱਤਾਂ ਹਿਲਾਉਣ ਨੂੰ ਮਾੜਾ ਕਹਿਕੇ ਇੱਕ ਵਹਿਮ ਬਣਾ ਲਿਆ ਹੋਣਾ।

ਵੈਸੇ ਤਾਂ ਹਰ ਇੱਕ ਈ ਜਾਣਦਾ ਬਈ ਇਹਨਾਂ ਵਹਿਮਾਂ ਭਰਮਾਂ ਨੂੰ ਮੰਨਣ ਚ ਕੁੱਛ ਨੀ ਰੱਖਿਆ ਤੇ ਅੱਜਕੱਲ ਬਹੁਤੇ ਲੋਕ ਮੰਨਦੇ ਵੀ ਨੀ ਪਰ ਫੇਰ ਵੀ ਕਈ ਵਾਰ ਵੇਖਿਆ ਬਈ ਜਦ ਕੋਈ ਬਹੁਤੇ ਈ ਦੁੱਖਾਂ ਦੀ ਘੁੰਮਣਘੇਰੀ ਚ ਫਸ ਜਾਵੇ ਤਾਂ ਉਹਨੂੰ ਇਹ ਵਹਿਮ ਵੀ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਰਗੇ ਲੱਗਦੇ ਆ। ਇਹਨਾਂ ਵਹਿਮਾਂ ਦੇ ਨਿਵਾਰਣ ਚ ਲੱਗ ਕੇ ਬੰਦੇ ਦਾ ਮਨ ਦਾ ਹੋਰ ਪਾਸੇ ਲੱਗ ਜਾਂਦਾ ਤੇ ਮਨ ਵੀ ਤਕੜਾ ਹੋਕੇ ਸੋਚਦਾ ਹੁਣ ਤਾਂ ਬੱਸ ਠੀਕ ਹੋ ਈ ਜਾਣਾ। ਹੁਣ ਤਾਂ ਡਾਕਟਰ ਵੀ ਮੰਨਦੇ ਆ ਬਈ ਬਹੁਤੀਆਂ ਬਿਮਾਰੀਆਂ ਮਨ ਦੀਆਂ ਈ ਹੁੰਦੀਆਂ ਜੇ ਮਨ ਤਕੜਾ ਹੋਜੇ ਤਾਂ ਦਵਾਈਆਂ ਵੀ ਛੇਤੀ ਅਸਰ ਕਰ ਜਾਂਦੀਆਂ, ਤੇ ਕਈ ਵਾਰ ਇਹ ਵਹਿਮਾਂ ਦੇ ਉਪਾਅ ਵੀ ਮਨ ਦੇ ਠੁੰਮਣੇ ਬਣ ਜਾਂਦੇ ਆ। ਅਸਲ ਚ ਲੋੜ ਤਾਂ ਇਸ ਗੱਲ ਦੀ ਆ ਬਈ ਜਿੰਦਗੀ ਨੂੰ ਕਦੇ ਵਹਿਮਾਂ ਭਰਮਾਂ ਦੀ ਗੁਲਾਮ ਨਾ ਬਣਨ ਦੇਈਏ, ਦੁੱਖ ਸੁੱਖ ਬਿਮਾਰੀਆਂ ਵੀ ਇੱਕ ਤਰਾਂ ਨਾਲ ਜਿਉਂਦੇ ਹੋਣ ਦੀਆਂ ਈ ਨਿਸ਼ਾਨੀਆਂ ਈ ਹੁੰਦੀਆਂ । ਮਰਿਆਂ ਦੀ ਵੀ ਭਲਾ ਕਦੇ ਅੱਖ ਫੜਕਦੀ ਜਾਂ ਜੁੱਤੀ ਰਾਹ ਕੱਢਦੀ ਆ।

ਮੰਨਦੀ ਤੇ ਸਮਝਦੀ ਆਂ ਬਹੁਤੇ ਵਹਿਮ ਭਰਮ ਜਿੰਦਗੀ ਨੂੰ ਨੀਰਸ ਤੇ ਬੇਰਸ ਜਿਹਾ ਬਣਾ ਦਿੰਦੇ ਆ, ਕਰਨੇ ਨੀ ਚਾਹੀਦੇ, ਪਰ ਨੇ ਬਿਨਾਂ ਦੱਸੇ ਆਉਣਾ,

Leave a comment