ਗੁੰਮਨਾਮ ਚਿਹਰਾ

ਅੱਜ ਵੀ ਉਹਦਾ ਉਦਾਸ ਚਿਹਰਾ ਤੇ ਅੱਖਾਂ ਯਾਦ ਕਰਕੇ ਮਨ ਨੂੰ ਅੱਚਵੀ ਜਿਹੀ ਲੱਗ ਜਾਂਦੀ ਆ, ਪਤਾ ਨਹੀਂ ਕਿਸ ਹਾਲ ਚ ਹੋਊ,ਕਿੱਥੇ ਹੋਊ, ਇਹ ਵੀ ਹੋ ਸਕਦਾ ਆਪਣੇ ਪਰਵਾਰ ਨਾਲ ਰੰਗੀ ਵੱਸਦੀ ਹੋਵੇ, ਖੁਸ਼ ਹੋਵੇ। ਵੈਸੇ ਵੀ ਕਹਿੰਦੇ ਹੁੰਦੇ ਆ ਸਾਰੇ ਦਿਨ ਇੱਕੋ ਜਿਹੇ ਨਹੀਂ ਰਹਿੰਦੇ ,ਬਦਲਦੇ ਜਰੂਰ ਆ। ਪਰਮਾਤਮਾ ਕਰੇ ਉਸਦੇ ਵੀ ਦਿਨ ਬਦਲ ਗਏ ਹੋਣ, ਉਹ ਜਿੱਥੇ ਵੀ ਆ ਖੁਸ਼ ਹੋਵੇ, ਪਰ ਦੁਨੀਆਂ ਦੀ ਭੀੜ ਚ ਗੁਆਚੀ ਪੰਮੀ ਮੁੜ ਕਦੇ ਨਹੀਂ ਦਿਸੀ। ਬਹੁਤ ਕੋਸ਼ਿਸ਼ ਵੀ ਕਰਦੀ ਆਂ, ਹਰ ਸੋਹਣੀ ਸੁਨੱਖੀ ਉੱਚੀ ਲੰਮੀ ਜਨਾਨੀ ਚੋਂ ਉਹਦੇ ਨਕਸ਼ ਲੱਭਦੀ ਆਂ, ਪਰ ਉਹ ਗੁੰਮਨਾਮ ਚਿਹਰਾ ਮੁੜ ਨੀ ਦਿਸਿਆ।

ਕਈ ਵਾਰ ਕਿਸਮਤ ਦੀ ਲਿਖਣਹਾਰ ਵਿੱਧਮਾਤਾ ਬਾਰੇ ਸੋਚਦੀ ਆਂ ਬਈ ਉਹ ਕਿਹੜੇ ਅਗਲੇ ਪਿਛਲੇ ਕਰਮ ਵੇਖ ਕੇ ਕਿਸਮਤ ਦੀਆਂ ਲਕੀਰਾਂ ਲਿਖਦੀ ਆ, ਕਈਆਂ ਦੇ ਹਿੱਸੇ ਦੁੱਖ ਈ ਲਿਖ ਦਿੰਦੀ ਆ। ਪੰਮੀ ਦੇ ਹਿੱਸੇ ਵੀ ਵਿਧਮਾਤਾ ਨੇ ਰੁੱਗ ਭਰ ਭਰ ਕੇ ਦੁੱਖ ਈ ਲਿਖੇ ਸੀ। ਕਾਲਜ ਦੇ ਹੋਸਟਲ ਚ ਮੇਰੀ ਰੂਮ ਮੇਟ ਸੀ, ਸੋਹਣੀ ਸੁਨੱਖੀ ਉੱਚੀ ਲੰਮੀ, ਚੁੱਪ ਚਾਪ ਬੈਠੀ ਸਾਰਿਆਂ ਵੱਲ ਵੇਖਦੀ ਰਹਿੰਦੀ ,ਬੋਲਦੀ ਤਾਂ ਬੱਸ ਅਣਸਰਦੇ ਨੂੰ ਈ ਸੀ। ਪਹਿਲੀ ਨਜਰੇ ਤਾਂ ਉਹ ਹਰ ਇੱਕ ਨੂੰ ਈ ਚੰਗੀ ਲੱਗਦੀ ਪਰ ਕੁੱਛ ਦਿਨਾਂ ਬਾਅਦ ਈ ਉਹਦੀ ਸਦਾਵਰਤੀ ਚੁੱਪ ਤੇ ਅੱਖਾਂ ਚ ਤੈਰਦੇ ਹੰਝੂਆਂ ਕਰਕੇ ਕਈ ਉਹਨੂੰ ਰੋਣੀ ਸੂਰਤ ਤੇ ਕਈ ਗੂੰਗੀ ਕਹਿਣ ਲੱਗ ਜਾਂਦੇ। ਕਮਰੇ ਚ ਵੀ ਉਹ ਗੁੰਮ ਸੁੰਮ ਈ ਬੈਠੀ ਰਹਿੰਦੀ, ਕਿਸੇ ਨੂੰ ਕੋਈ ਪਿੰਡ ਦੱਸਦੀ ਤੇ ਕਿਸੇ ਨੂੰ ਕੋਈ। ਬਹੁਤੀਆਂ ਕੁੜੀਆਂ ਉਹਦੀ ਚੁੱਪ, ਉਦਾਸੀ ਤੇ ਝੂਠਾਂ ਕਰਕੇ ਉਹਨੂੰ ਬੁਲਾਉਣੋਂ ਹਟ ਗਈਆਂ, ਪਰ ਮੇਰੇ ਨਾਲ ਰਹਿਣ ਕਰਕੇ ਅਸੀਂ ਸਹੇਲੀਆਂ ਵਰਗੀਆਂ ਈ ਸੀ।

ਮੈਨੂੰ ਉਹਦੇ ਤੇ ਅਵੱਲਾ ਈ ਮੋਹ ਤੇ ਤਰਸ ਆਉਂਦਾ ਸੀ, ਸਾਰੀ ਰਾਤ ਈ ਉਹਦੇ ਰੋਂਦੀ ਦੇ ਹਉਕੇ ਸਿਸਕੀਆਂ ਮੈਨੂੰ ਸੁਣਦੇ ਰਹਿੰਦੇ । ਬਥੇਰਾ ਪੁੱਛਣਾ, ਚੁੱਪ ਕਰਾਉਣਾ ਪਰ ਉਹਨੇ ਅੱਖਾਂ ਪੂੰਝ ਕੇ ਕਹਿਣੀ ਨਹੀਂ ਮੇਰੀ ਅੱਖ ਚ ਕੁੱਛ ਪੈ ਗਿਆ ਸੀ। ਹੌਸੀ ਹੌਲੀ ਮੈਂ ਵੀ ਪੁੱਛਣੋਂ ਹਟ ਗਈ ਪਰ ਉਹਨੂੰ ਬੁਲਾਉਣ ਹਸਾਉਣ ਦੀ ਕੋਸ਼ਿਸ਼ ਕਰਦੀ ਰਹੀ। ਜਦ ਵੀ ਮੇਰੇ ਮਾਂ ਬਾਪ ਆਉਂਦੇ ਤਾਂ ਉਹ ਭੱਜ ਕੇ ਮੇਰੇ ਤੋਂ ਵੀ ਪਹਿਲਾਂ ਮਿਲਣ ਪਹੁੰਚ ਜਾਂਦੀ,ਉਹਨੂੰ ਕਦੇ ਕਦਾਈਂ ਇੱਕ ਮੁੰਡਾ ਤੇ ਜਨਾਨੀ ਮਿਲਣ ਆਉਂਦੇ। ਉਹਨੇ ਕਦੇ ਕਹਿਣਾ ਮੇਰੀ ਭੂਆ ਤੇ ਉਹਦਾ ਮੁੰਡਾ ਤੇ ਕਦੇ ਕਹਿਣਾ ਮਾਸੀ ਆ ਪਰ ਕੁੜੀਆਂ ਚ ਇਹ ਗੱਲ ਮਸ਼ਹੂਰ ਸੀ ਬਈ ਇਹ ਮੁੰਡਾ ਉਹਦੇ ਘਰਵਾਲਾ ਤੇ ਜਨਾਨੀ ਸੱਸ ਆ ਪਰ ਜਿਸ ਦਿਨ ਵੀ ਉਹਨਾਂ ਨੇ ਆਉਣਾ ਉਹਨੇ ਸਾਰੀ ਰਾਤ ਈ ਰੋਂਦੀ ਨੇ ਕੱਢ ਦੇਣੀ।

ਸਾਡੇ ਸਾਰਿਆਂ ਲਈ ਪੰਮੀ ਇੱਕ ਬੁਝਾਰਤ ਈ ਸੀ। ਦੋ ਸਾਲ ਅਸੀਂ ਇਕੱਠੀਆਂ ਰਹੀਆਂ, ਭੈਣਾਂ ਵਾਂਗ ਪਿਆਰ ਵੀ ਸੀ । ਪਰ ਉਹਦੀ ਪਹਿਚਾਣ ਸਿਰਫ ਪੰਮੀ ਸੀ। ਮੈਨੂੰ ਉਹਦੇ ਦੁੱਖਾਂ ਦਾ ਅਹਿਸਾਸ ਜਰੂਰ ਸੀ ਪਰ ਕਾਰਣ ਪਤਾ ਨਹੀਂ ਸੀ ਪਰ ਜਿਸ ਦਿਨ ਅਸੀਂ ਹੋਸਟਲ ਛੱਡਣਾਂ ਸੀ ਉਹਦੇ ਸਬਰ ਦਾ ਬੰਨ ਟੁੱਟ ਗਿਆ। ਕਹਿੰਦੀ ਤੂੰ ਕਿੰਨੀ ਕਿਸਮਤ ਵਾਲੀ ਐਂ ਤੇਰੇ ਮਾਂ ਬਾਪ ਭਰਾ ਤੇਰਾ ਖਿਆਲ ਰੱਖਦੇ ਨੇ, ਤੇਰਾ ਭਰਿਆ ਪਰਵਾਰ ਆ ਪਰ ਮੇਰੇ ਵੱਲ ਵੇਖ ਮੈਂ ਇਕੱਲੀ ਕਹਿਰੀ ਜਾਨ ਆਂ। ਬਦਕਿਸਮਤੀ ਵੇਖ ਐਡੇ ਵੱਡੇ ਸਰਦਾਰਾਂ ਧੀ ਹੋਕੇ ਵੀ ਕਿਸੇ ਨੂੰ ਆਪਣੀ ਪਹਿਚਾਣ ਨੀ ਦੱਸ ਸਕਦੀ। ਡਰਦੀ ਆਂ ਜਿਹੜੀ ਜਮੀਨ ਤੇ ਪੈਸਾ ਮੇਰੇ ਮਾਂ ਬਾਪ ਤੇ ਭਰਾ ਦੇ ਕਤਲ ਦਾ ਕਾਰਣ ਬਣਿਆ ,ਹੁਣ ਮੇਰੇ ਨਾ ਬਣ ਜਾਵੇ। ਡਰਦੀ ਆਂ ਉਸੇ ਬੇਕਿਰਕ ਮੌਤ ਤੋਂ। ਕਾਸ਼ ਉਸ ਦਿਨ ਮੈਂ ਨਾਲ ਈ ਮਰ ਜਾਂਦੀ , ਇਹ ਵੀ ਕੋਈ ਜਿੰਦਗੀ ਆ, ਲੁਕ ਛਿਪ ਕੇ ਦਿਨ ਕੱਟਦੀਂ ਆਂ, ਕਿਸੇ ਨੂੰ ਆਪਣਾ ਅਸਲੀ ਨਾਂ ਪਹਿਚਾਣ ਨੀ ਦੱਸ ਸਕਦੀ।

ਅੱਜਕੱਲ ਤਾਂ ਪੈਸਾ ਈ ਸਭ ਕੁੱਛ ਆ, ਭੂਆ ,ਚਾਚੇ ਤਾਏ, ਰਿਸ਼ਤੇਦਾਰ ਜੋ ਕਦੇ ਮੇਰੇ ਬਾਪ ਦੇ ਆਪਣੇ ਸੀ, ਹੁਣ ਦੂਜੇ ਪਾਸੇ ਖੜੇ ਆ, ਕਹਿੰਦੇ ਆ ਸਮਝੌਤਾ ਕਰ ਲੈ, ਹੈ ਤਾਂ ਤੇਰਿਆਂ ਨੂੰ ਮਾਰਨ ਵਾਲੇ ਵੀ ਤੇਰੇ ਈ ਆ। ਨਾਲੇ ਜਾਣ ਵਾਲੇ ਤਾਂ ਚਲੇ ਗਏ ਹੁਣ ਬਾਕੀ ਖਾਨਦਾਨ ਤਾਂ ਨਾ ਖਰਾਬ ਕਰੋ ਪਰ ਮੇਰਾ ਦਰਦ ਨੀ ਸਮਝਦੇ ਬਈ ਮੇਰਾ ਤਾਂ ਖਾਨਦਾਨ ਰਿਹਾ ਈ ਨੀ, ਉਸੇ ਦਿਨ ਈ ਖਤਮ ਹੋ ਗਿਆ ਸੀ। ਹੁਣ ਆਹ ਮੁੰਡਾ ਤੇ ਜਨਾਨੀ ਓ ਮੇਰਾ ਸਭ ਕੁੱਛ ਨੇ, ਇਹ ਸਾਡੇ ਘਰ ਕੰਮ ਕਰਦੀ ਸੀ, ਇਹਨੇਂ ਈ ਮੈਨੂੰ ਹੁਣ ਤੱਕ ਆਪਣੀ ਧੀ ਬਣਾ ਕੇ ਰੱਖਿਆ। ਰਿਸ਼ਤੇਦਾਰਾਂ ਦੀ ਤਾਂ ਅੱਖ ਹੁਣ ਵੀ ਮੇਰੀ ਜਮੀਨ ਜਾਇਦਾਦ ਤੇ ਈ ਆ ਤੇ ਮੇਰੀ ਜਿੰਦਗੀ ਦਾ ਮਕਸਦ ਇੱਕੋ ਈ ਆ ਪੜ ਲਿਖ ਕੇ ਕੁੱਛ ਬਣਕੇ ਉਹਨਾਂ ਨੂੰ ਸਜਾ ਦਿਵਾਉਣਾ।

ਉਸ ਦਿਨ ਤੋਂ ਬਾਅਦ ਮੁੜ ਕਦੇ ਪੰਮੀ ਨੀ ਦਿਸੀ ਪਰ ਕਈ ਵਾਰ ਬੈਠੀ ਨੂੰ ਕੰਮਬਖਤ ਯਾਦ ਆ ਜਾਂਦੀ ਆ ਤਾਂ ਸੋਚਦੀ ਆਂ ਲੋਕ ਕਿਉਂ ਪੈਸੇ ਜਮੀਨਾਂ ਦੀ ਖਾਤਿਰ ਆਪਣਿਆਂ ਦੇ ਈ ਦੁਸ਼ਮਣ ਬਣ ਜਾਂਦੇ ਆ , ਕਿਉਂ ਨੀ ਸੋਚਦੇ ਬਈ ਇਹ ਪੈਸਾ,ਜਮੀਨ ਜਾਇਦਾਦਾਂ ਨਾ ਕਿਸੇ ਦੇ ਨਾਲ ਆਈਆਂ ਤੇ ਨਾਂ ਈ ਨਾਲ ਜਾਂਦੀਆਂ ,ਫੇਰ ਕਿਉਂ ਅਸੀਂ ਲਾਲਚ ਚ ਅੰਨੇ ਹੋਕੇ ਮਸੂਮ ਪੰਮੀਆਂ ਦੇ ਚਿਹਰਿਆਂ ਦੇ ਹਾਸੇ ਰੌਣਕਾਂ ਖੋਹਣੋਂ ਹੱਟਦੇ ਨੀਂ।

One Comment Add yours

  1. jiit6784 says:

    ਗਮਗੀਨ….

    Like

Leave a comment