ਬੇਬੇ ਬਸੰਤ ਕੌਰ

ਵੈਸੇ ਤਾਂ ਇਹਦੇ ਚ ਕੋਈ ਦੋ ਰਾਵਾਂ ਨਹੀਂ ਬਈ ਸਾਡੇ ਬਜੁਰਗ ਬਹੁਤ ਮਿਹਨਤੀ,ਕਰੜੇ ਜੁੱਸੇ ਤੇ ਹੱਠ ਵਾਲੇ ਹੁੰਦੇ ਸੀ, ਉਹਨਾਂ ਦੀ ਮਜਬੂਰੀ ਵੀ ਹੁੰਦੀ ਸੀ। ਸਾਡੀ ਦਾਦੀ ਵੀ ਸਾਨੂੰ ਕਹਿੰਦੀ ਹੁੰਦੀ ਪੁੱਤ ਕੰਮ ਪਿਆਰਾ ਹੁੰਦਾ ਚੰਮ ਨਹੀਂ। ਮਤਲਬ ਕੰਮ ਨਾਲ ਈ ਕਦਰ ਪੈਂਦੀ ਆ, ਪੇਕੇ ਸਹੁਰੇ ਹਰ ਥਾਂ ਈ ਸਾਰੇ ਕੰਮਾਂ ਨੂੰ ਈ ਯਾਦ ਰੱਖਦੇ ਆ। ਸਾਡੇ ਦਾਦੇ ਦੇ ਵੱਡੇ ਭਰਾ ਅਰਜਨ ਬਾਪੂ ਦੀ ਘਰਦੀ, ਬੇਬੇ ਬਸੰਤ ਕੌਰ ਵੀ ਸੁਣਿਆ ਬਹੁਤ ਕਾਮੀ ਤੇ ਹੱਠ ਵਾਲੀ ਸੀ, ਸਾਡੇ ਪਰਵਾਰ ਲਈ ਤਾਂ ਖਾਸ ਇਸ ਕਰਕੇ ਵੀ ਸੀ ਬਈ ਉਹ ਮੇਰੇ ਬੀਜੀ ਦੀ ਸਕੀ ਭੂਆ ਸੰਤੀ ਸੀ।

ਬੇਬੇ ਸੰਤੀ ਆਪਣੇ ਜਮਾਨੇ ਦੀ ਬਹੁਤ ਈ ਸੋਹਣੀ ਪੂਰੇ ਗੜਕਵੇਂ ਬੋਲ ਵਾਲੀ ਜਨਾਨੀ ਸੀ। ਠੋਡੀ ਤੇ ਖੁਣਵਾਇਆ ਤਿਲ ਤਾਂ ਉਹਦੇ ਹੁਸਨ ਨੂੰ ਹੋਰ ਵੀ ਚਾਰ ਚੰਦ ਲਾ ਦਿੰਦਾ ਹੋਣਾ ਇਸੇ ਕਰਕੇ ਈ ਸ਼ਾਇਦ ਛੋਟੇ ਛੋਟੇ ਪੰਜ ਛੇ ਸਾਲ ਦੇ ਦਿਓਰਾਂ ਨੇ ਉਹਦਾ ਨਾਂ ਬਾਹਾਂ ਤੇ ਖੁਣਵਾਇਆ ਸੀ। ਉਹਦੀ ਅਵਾਜ ਵੀ ਟੱਲੀ ਵਾਂਗ ਟਣਕਦੀ ਹੁੰਦੀ ਸੀ, ਸਾਡੇ ਬਾਪੂ ਜੀ ਨੇ ਹੱਸਣਾਂ ਬਈ ਮੇਰੀ ਗੱਲ ਤਾਂ ਕੋਲ ਖੜਿਆਂ ਨੂੰ ਸਮਝਦੀ ਤੇ ਆਹ ਸੰਤੀ ਦੀ ਅਵਾਜ ਵੇਖ ਲਓ ਪਿੰਡ ਦੇ ਦੂਜੇ ਪਾਸਿਓਂ ਵੀ ਪੂਰੀ ਸਾਫ ਸੁਣ ਜਾਂਦੀ ਆ। ਬਾਪੂ ਅਰਜਨ ਬਹੁਤ ਈ ਸਾਊ ਠੰਡੇ ਸੁਭਾਅ ਵਾਲਾ ਸੀ ,ਕਦੇ ਕਿਸੇ ਨੂੰ ਕੁੱਛ ਨਹੀਂ ਸੀ ਕਹਿੰਦਾ, ਬੱਸ ਹੱਸ ਛੱਡਦਾ।

ਸਾਡੇ ਬੀਜੀ, ਬਾਜੀ ਦਾ ਰਿਸ਼ਤਾ ਵੀ ਸੰਤੀ ਬੇਬੇ ਦੇ ਹੱਠ ਕਰਕੇ ਈ ਹੋਇਆ ਸੀ । ਮੈਂ ਤਾਂ ਖੈਰ ਬਜੁਰਗ ਹੋਈ ਓ ਵੇਖੀ ਸੀ ਪਰ ਸੁਣਿਆ ਥੋੜੀ ਗਰਮ ਮਿਜਾਜ ਦੀ ਪਰ ਮਿਹਨਤੀ ਤੇ ਕਾਮੀ ਬਹੁਤ ਸੀ। ਉਹਦੇ ਹੱਠ ਦੀ ਇੱਕ ਹੋਰ ਮਿਸਾਲ ਸੁਣਦੇ ਰਹੇ ਆਂ ਬਈ ਉਹ ਲਾਇਲਪੁਰ ਤੋਂ ਸੁਧਾਰ ਤੱਕ ਆਪਣੇ ਦਾਜ ਦਾ ਚਰਖਾ ਸਿਰ ਤੇ ਚੱਕ ਕੇ ਲਿਆਈ ਸੀ। ਸਾਰੇ ਰਾਹ ਤੁਰਕੇ ਗੱਡਿਆਂ ਦੇ ਕਾਫਲੇ ਦਾ ਨਾਲ ਆਈ ਸੀ। ਬਲਦਾਂ ਦੇ ਥੱਕਣ ਕਰਕੇ ਗੱਡਿਆਂ ਤੇ ਤਾਂ ਜੋ ਸਮਾਨ ਸੀ ਹੌਲੀ ਹੌਲੀ ਸਿੱਟਦੇ ਆਏ ਪਰ ਉਸ ਮਾਂ ਦੀ ਧੀ ਨੇ ਚਰਖਾ ਨੀਂ ਸਿੱਟਿਆ ਕਹਿੰਦੀ ਮੇਰੇ ਬਾਪੂ ਦੀ ਨਿਸ਼ਾਨੀ ਆ। ਵੈਸੇ ਵੀ ਕਹਿੰਦੇ ਜਿੱਥੇ ਪੜਾਅ ਕਰਨਾ ਉਹਨੇ ਸਾਰਿਆਂ ਦੀ ਰੋਟੀ ਪਕਾਉਣੀ, ਪਸ਼ੂਆਂ ਨੂੰ ਪੱਠੇ ਤੱਥੇ ਲੱਭ ਕੇ ਪਾਉਣੇ , ਹੌਸਲਾ ਦੇਣਾ, ਸ਼ਾਇਦ ਜੇ ਉਹ ਨਾਲ ਨਾ ਹੁੰਦੀ ਤਾਂ ਸਾਰਿਆਂ ਦਾ ਸਹੀ ਸਲਾਮਤ ਸੁਧਾਰ ਤੱਕ ਪਹੁੰਚਣਾਂ ਮੁਸ਼ਕਲ ਹੁੰਦਾ।

ਹੁਣ ਕਈ ਵਾਰ ਸੋਚਦੀ ਆਂ ਸ਼ਾਇਦ ਸਾਡੇ ਬਜੁਰਗਾਂ ਦਾ ਇਹ ਹੱਠ ਈ ਸੀ ਜਿਹਦੇ ਕਰਕੇ ਉਹ ਸਭ ਕੁੱਛ ਗਵਾ ਕੇ ਵੀ ਦੁਬਾਰਾ ਖੜੇ ਹੋ ਸਕੇ,ਨਹੀਂ ਤਾਂ ਕਈ ਵਾਰ ਇਨਸਾਨ ਟੁੱਟ ਜਾਂਦਾ। ਬਾਰ ਚ ਵਧੀਆ ਘਰ ਬਾਰ ਜਮੀਨ ਜਾਇਦਾਦ ਛੱਡ ਕੇ ਦਰਿਆ ਦੀ ਜਮੀਨ ਚੋਂ ਹੱਥਾਂ ਨਾਲ ਇੱਕ ਇੱਕ ਕਾਹੀ ਜੁਆਂਹੇ ਦੱਬ ਦਾ ਬੂਟਾ ਪੱਟ ਕੇ ਬਣਾਈ ਜਮੀਨ ਹੁਣ ਭਾਵੇਂ ਸੋਨਾ ਬਣੀ ਪਈ ਆ ਪਰ ਉਸ ਵੇਲੇ ਖਾਣ ਜੋਗੇ ਦਾਣੇ ਵੀ ਨਹੀਂ ਸੀ ਹੁੰਦੇ। ਕਈ ਵਾਰ ਲੱਗਦਾ ਅਸੀਂ ਜੋ ਅੱਜ ਆਂ ਉਹਨਾਂ ਦੀ ਮਿਹਨਤ ਸਦਕਾ ਈ ਆਂ। ਵੈਸੇ ਸਾਡਾ ਪੰਜਾਬੀਆਂ ਦਾ ਅਸਲ ਵਿਰਸਾ ਤਾਂ ਹੱਥੀਂ ਕਿਰਤ ਕਰਨਾ ਤੇ ਹੌਸਲੇ ਜਾਂ ਚੜਦੀ ਕਲਾ ਚ ਰਹਿਣਾ ਈ ਆ,ਬਾਕੀ ਸਭ ਤਾਂ ਰੱਜੇ ਢਿੱਡ ਦੀਆਂ ਈ ਗੱਲਾਂ ਬਾਤਾਂ ਨੇ।

Leave a comment