ਤਕੜਿਆਂ ਦਾ ਸੱਤੀ ਵੀਹੀ ਸੌ

ਵੈਸੇ ਤਾਂ ਹਰ ਸਮਾਜ ਚ ਈ ਕੁਰੀਤੀਆਂ ਹੁੰਦੀਆਂ, ਪਰ ਜਦ ਖਾਣ ਦੇ ਦੰਦ ਹੋਰ ਤੇ ਵਿਖਾਉਣ ਦੇ ਹੋਰ ਹੋਣ ਤਾਂ ਇਹ ਕੁਰੀਤੀਆਂ ਅੰਦਰੇ ਅੰਦਰ ਨਸੂਰ ਬਣ ਜਾਂਦੀਆਂ। ਆਪਣੇ ਔਰਤਾਂ ਨੂੰ ਕਹਿਣ ਨੂੰ ਭਾਵੇਂ ਸਭ ਬਰਾਬਰ ਦੇ ਹੱਕ ਨੇ ਪਰ ਅਸਲੀਅਤ ਸ਼ਾਇਦ ਹਾਲੇ ਵੀ ਕੁੱਛ ਹੋਰ ਈ ਆ,ਕਦੇ ਕੰਮ ਵਾਲੀ ਥਾਂ ਤੇ,ਕਦੇ ਘਰਾਂ ਚ, ਕਦੇ ਬਾਹਰ ਅੰਦਰ ਜਾਂਦਿਆਂ ,ਕਦੇ ਇਕੱਲੀਆਂ ਵੇਖ ਉਹਨਾਂ ਦਾ ਸ਼ੋਸ਼ਣ ਹੁੰਦਾ ਈ ਰਹਿੰਦਾ। ਹੁਣ ਮਨੀਪੁਰ ਵਾਲੀ ਘਟਨਾ ਨੂੰ ਲੈਕੇ ਸਾਰੇ ਪਾਸੇ ਪੂਰੀ ਹਾਹਾਕਾਰ ਮੱਚੀ ਹੋਈ ਆ, ਲੋਕ ਸੜਕਾਂ ਤੇ ਉੱਤਰੇ ਆ, ਸ਼ਾਇਦ ਦੋਸ਼ੀਆਂ ਨੂੰ ਸਜਾ ਮਿਲ ਜਾਵੇ ਨਹੀਂ ਤਾਂ ਗੰਢ ਤੁੱਪ ਕਰਕੇ ਮਾਮਲਾ ਸੁਲਝਾ ਲਿਆ ਜਾਂਦਾ।

ਕਈ ਵਾਰ ਇਹੋ ਜਿਹੀਆਂ ਘਟਨਾਵਾਂ ਵੇਖ ਕੇ ਪੁਰਾਣੀਆਂ ਦਾਦੀਆਂ ਨਾਨੀਆਂ ਦੀ ਕੁੜੀਆਂ ਮਾਰਨ ਵਾਲੀ ਸੋਚ ਕੁੱਛ ਸਮਝ ਚ ਪੈਂਦੀ ਆ, ਗੱਲ ਸ਼ਾਇਦ ਕਦੇ ਵੀ ਦਾਜ ਦੇ ਬੋਝ ਦੀ ਹੈ ਈ ਨਹੀਂ ਸੀ, ਗੱਲ ਹੁੰਦੀ ਸੀ ਕੁੜੀ ਦੀ ਇੱਜਤ ਦੀ ਰਖਵਾਲੀ ਦੀ, ਉਸਨੂੰ ਹਰ ਵਕਤ ਮਹਿਫੂਜ ਰੱਖਣ ਦੀ। ਕਦੇ ਵਿਚਾਰੀਆਂ ਨੂੰ ਰਾਜੇ ਮਹਰਾਜੇ ਚੱਕ ਕੇ ਲੈ ਜਾਂਦੇ ਸੀ ਤੇ ਕਦੇ ਅਮੀਰ ਰਸੂਖਦਾਰ ਤੇ ਵੈਸੇ ਵੀ ਗਰੀਬ ਦੀ ਇੱਜਤ ਨੂੰ ਕੋਈ ਇੱਜਤ ਸਮਝਦਾ ਈ ਨੀ। ਜਿੱਥੇ ਹਾਲੇ ਵੀ ਗਰੀਬ ਜਾਂ ਪਛੜੀ ਜਾਤ ਵਾਲਾ ਅਮੀਰਾਂ ਦੇ ਘਰ ਮੂਹਰਦੀ ਜੁੱਤੀ ਪਾਕੇ ਨੀਂ ਲੰਘ ਸਕਦਾ, ਸਾਈਕਲ ਤੇ ਚੜ ਕੇ ਨੀ ਲੰਘ ਸਕਦਾ, ਵਿਆਹ ਲਈ ਘੋੜੀ ਤੇ ਨੀ ਚੜ ਸਕਦਾ ਉੱਥੇ ਗਰੀਬਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਨੂੰ ਰੋਲਣ ਲੱਗਿਆਂ ਕੌਣ ਸੋਚਦਾ।

ਚਲੋ ਪੁਰਾਣੇ ਵੇਲਿਆਂ ਚ ਤਾਂ ਸਾਰੀ ਦੁਨੀਆਂ ਚ ਈ ਇਹੀ ਹਾਲ ਹੁੰਦਾ ਸੀ, ਲੜਾਈਆਂ ਚ ਕੁੜੀਆਂ ਜਨਾਨੀਆਂ ਨੂੰ ਲੁੱਟ ਦਾ ਮਾਲ ਸਮਝਿਆ ਜਾਂਦਾ ਸੀ, ਕਿਸੇ ਨਵ ਵਿਆਹੀ ਜਾਂ ਸੋਹਣੀ ਸੁਨੱਖੀ ਤੇ ਰਾਜੇ ਆਪਣਾ ਪਹਿਲਾ ਹੱਕ ਸਮਝਦੇ ਸੀ ਪਰ ਹੁਣ ਦੁਨੀਆਂ ਤਾਂ ਬਹੁਤ ਬਦਲ ਗਈ ਪਰ ਆਪਣੇ ਹਾਲੇ ਵੀ ਰਾਜਿਆਂ ਦੀ ਥਾਂ ਪੈਸੇ ਤੇ ਤਾਕਤ ਵਾਲਿਆਂ ਦਾ ਉਹੀ ਹਾਲ ਆ। ਕਦੇ ਕਿਸੇ ਸੂਬੇ ਚ ਕਦੇ ਕਿਸੇ ਸੂਬੇ ਚ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ, ਪਹਿਲਾਂ ਤਾਂ ਜੋਰ ਜਬਰ ਨਾਲ ਗੱਲ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਹੁੰਦੀ ਆ ਪਰ ਜਦ ਲੋਕ ਸੜਕਾਂ ਤੇ ਉਤਰ ਆਉਂਦੇ ਆ, ਕੈਂਡਲ ਮਾਰਚ ਕਰਦੇ ਆ, ਦੇਸ਼ ਵਿਦੇਸ਼ ਚ ਰੌਲਾ ਪੈ ਜਾਂਦਾ ਤਾਂ ਦੋਸ਼ੀਆਂ ਦੀ ਫੜੋ ਫੜਾਈ ਸ਼ੁਰੂ ਹੁੰਦੀ ਆ।

ਅਸਲ ਚ ਰੌਲਾ ਪੈਸੇ, ਅਸਰ ਰਸੂਖ ਤੇ ਪਾਵਰ ਦੇ ਨੈਕਸਸ ਦਾ, ਕਦੇ ਪਾਰਟੀ ਦੀ ਬਦਨਾਮੀ ਡਰੋਂ,ਕਦੇ ਆਪਣੇ ਕਿਸੇ ਦੀ ਸ਼ਮੂਲੀਅਤ ਕਰਕੇ, ਕਦੇ ਵੋਟਾਂ ਦੀ ਰਾਜਨੀਤੀ ਕਰਕੇ ਇਹੋ ਜਿਹੀਆਂ ਘਟਨਾਵਾਂ ਨੂੰ ਬਹੁਤੀ ਵਾਰ ਦਿਨ ਦਾ ਚਾਨਣ ਨਹੀਂ ਦਿਸਦਾ ਤੇ ਵੈਸੇ ਵੀ ਕਸੂਰ ਤਾਂ ਹਮੇਸ਼ਾ ਗਰੀਬ ਦਾ ਈ ਹੁੰਦਾ। ਅਗਲੇ ਜੋੜ ਤੋੜ ਲਾਕੇ ਕਸੂਰ ਕੁੜੀ ਦਾ ਈ ਕੱਢ ਦਿੰਦੇ ਆ ਕਦੇ ਕਹਿ ਦਿੰਦੇ ਆ, ਇਕੱਲੀ ਗਈ ਕਿਉਂ, ਕੱਪੜੇ ਛੋਟੇ ਕਿਉਂ ਪਾਏ,ਇਹਦਾ ਕਰੈਕਟਰ ਈ ਠੀਕ ਨਹੀਂ, ਵਗੈਰਾ ਵਗੈਰਾ। ਮਨੀਪੁਰ ਵਾਲੀ ਘਟਨਾ ਚ ਤਾਂ ਉਹ ਵਿਚਾਰੇ ਸਿੱਧੇ ਈ ਕਸੂਰਵਾਰ ਨੇ, ਥੋੜੀ ਗਿਣਤੀ ਚ ਨੇ, ਰਾਜ ਉਹਨਾਂ ਦਾ ਹੈ ਨਹੀਂ, ਪਰ ਹੁਣ ਸ਼ਾਇਦ ਕੁੱਛ ਇਨਸਾਫ ਮਿਲ ਜਾਵੇ। ਆਪਾਂ ਹਮੇਸ਼ਾ ਈ ਫੋਨ ਜਾਂ ਕੰਮਪਿਊਟਰਾਂ ਨੂੰ ਅੱਖੀਆਂ ਦਾ ਖੌਅ ਕਹਿੰਦੇ ਰਹਿਨੇ ਆਂ, ਸ਼ਾਇਦ ਇਹੀ ਹੁਣ ਲੋਕਤੰਤਰ ਦੇ ਚੌਥੇ ਸਤੰਬ ਬਣਕੇ ਪਾਵਰ ਤੇ ਪੈਸੇ ਦੇ ਨੈਕਸਸ ਨੂੰ ਤੋੜਨ ਚ ਵੱਡਾ ਰੋਲ ਅਗਾ ਕਰਨਗੇ ਨਹੀਂ ਤਾਂ ਆਪਣੇ ਹੁਣ ਤੱਕ ਤਕੜਿਆਂ ਦਾ ਈ ਸੱਤੀ ਵੀਹੀਂ ਸੌ ਰਿਹਾ।

Leave a comment