ਧੀ ਦਾ ਕਤਲ

ਕੁੱਛ ਦਿਨ ਪਹਿਲਾਂ ਇੱਕ ਬਾਪ ਵਲੋਂ ਧੀ ਨੂੰ ਦਿੱਤੀ ਬੇਰਹਿਮ ਮੌਤ ਦਾ ਮਨ ਤੇ ਵਾਹਵਾ ਡੂੰਘਾ ਅਸਰ ਹੋਇਆ। ਸੋਚਦੀ ਆਂ ਇਹ ਵਿਚਾਰੀਆਂ ਕਦ ਤੱਕ , ਕਦੇ ਅਣਖ ਦੀ ਖਾਤਰ,ਕਦੇ ਦਾਜ ਦੀ ਖਾਤਰ, ਕਦੇ ਆਪਣੇ ਸੁਹੱਪਣ ਦੇ ਕਰਕੇ ਤੇ ਕਦੇ ਬੱਸ ਕੁੜੀ ਹੋਣ ਦੇ ਜੁਰਮ ਚ ਈ ਮਰਦੀਆਂ ਰਹਿਣਗੀਆਂ। ਧੀਆਂ ਤਾਂ ਹਮੇਸ਼ਾ ਈ ਮਾਂ ਬਾਪ ਦੀਆਂ ਦਰਦੀ ਹੁੰਦੀਆਂ, ਬਚਪਨ ਤੋਂ ਲੈਕੇ ਬੁਢਾਪੇ ਤੱਕ ਈ ਮਾਂ ਬਾਪ ਦੇ ਸਾਹਾਂ ਚ ਸਾਹ ਲੈਂਦੀਆਂ ,ਸਹਾਰਾ ਬਣਦੀਆਂ, ਕਦੇ ਗਲ ਅੰਗੂਠਾ ਦੇ ਕੇ ਮੰਗਾਂ ਨਹੀਂ ਮਨਵਾਉਂਦੀਆਂ, ਜੋ ਦੇ ਦੇਵੋ ਲੈਕੇ ਰੱਬ ਕੋਲੋਂ ਹਰ ਵਕਤ ਈ ਤੁਹਾਡੀ ਸੁੱਖ ਤੇ ਵਾਧਾ ਮੰਗਦੀਆਂ । ਕਈ ਵਾਰ ਸੋਚਦੀ ਆਂ ਕਿਹੜਾ ਐਸਾ ਨਹਿਸ਼ ਸੀ ਜਿਹਨੇ ਕੁੜੀ ਦੀ ਇੱਜਤ ਨੂੰ ਪਿਓ ਦੀ ਪੱਗ ਨਾਲ ਜੋੜ ਦਿੱਤਾ ਤੇ ਕੁੜੀ ਦੇ ਹਰ ਜੁਰਮ ਨੂੰ ਈ ਅਸੀਂ ਵੱਖਰੇ ਤਰਾਜੂ ਚ ਤੋਲਣ ਲੱਗ ਪਏ।

ਕਹਿਣ ਨੂੰ ਤਾਂ ਹੁਣ ਸਮਾਂ ਬਹੁਤ ਬਦਲ ਗਿਆ, ਵੈਸੇ ਤਾਂ ਬਦਲਿਆ ਵੀ ਆ, ਹਰ ਪਾਸੇ ਲਿਵ ਇਨ ਰਿਲੇਸ਼ਨ ਦੀਆਂ ਗੱਲਾਂ ਹੁੰਦੀਆਂ, ਮਾਂ ਬਾਪ ਖੁਦ ਵੀ ਹੁੱਬ ਹੁੱਬ ਕੇ ਆਈਲੈੱਟ ਵਾਲੀਆਂ ਕੁੜੀਆਂ ਦੇ ਸੌਦੇ ਕਰਦੇ ਆ ਤੇ ਬਾਹਰ ਪਹੁੰਚਣ ਤੇ ਪੁਰਾਣੇ ਵਿਆਹਾਂ ਤੋਂ ਮੁਕਰਨ ਦੀਆਂ ਸਲਾਹਾਂ ਵੀ ਦਿੰਦੇ ਆ, ਪਰ ਉਹ ਆਪਣੇ ਫੈਸਲੇ ਆਪ ਕਰੇ ਬਰਦਾਸ਼ਤ ਨਹੀਂ ਕਰਦੇ। ਅਸਲ ਚ ਗੱਲ ਕਿਤੇ ਨਾ ਕਿਤੇ ਆਪਣੇ ਫਾਇਦੇ ਤੇ ਨੁਕਸਾਨ ਤੇ ਵੀ ਆ ਖੜਦੀ ਆ। ਸਾਡੀ ਅਣਖ ਉਸ ਵੇਲੇ ਕਿੱਧਰ ਛੁਪ ਬੈਠਦੀ ਆ ਜਦ ਆਪਣੇ ਹੱਥੀਂ ਸੋਲਾਂ ਸੋਲਾਂ ਸਾਲਾਂ ਦੀਆਂ ਨੂੰ ਸੱਤਰਿਆਂ ਬਹੱਤਰਿਆਂ ਦੇ ਲੜ ਲਾਕੇ ਪਰਵਾਰ ਲਈ ਕਨੇਡਾ ਅਮਰੀਕਾ ਦੇ ਰਾਹ ਖੋਲਦੇ ਆਂ।

ਮੰਨਦੀ ਆਂ ਮਾਂ ਬਾਪ ਹਮੇਸ਼ਾ ਈ ਬੱਚਿਆਂ ਦੀ ਭਲਾਈ ਚਾਹੁੰਦੇ ਆ,ਚਾਹੁੰਦੇ ਆ ਸਾਡੀਆਂ ਧੀਆਂ ਚੰਗੇ ਘਰੀਂ ਵਿਆਹੀਆਂ ਜਾਣ, ਹਮੇਸ਼ਾ ਖੁਸ਼ ਰਹਿਣ। ਧੀ ਦੇ ਸੁਖ ਤੇ ਖੁਸ਼ੀ ਲਈ ਓ ਚੰਗੇ ਘਰ ਬਾਰ ਘਰਾਣੇ ਲੱਭ ਕੇ ਰਿਸ਼ਤੇ ਕਰਦੇ ਆ । ਅਸਲ ਚ ਮਾਂ ਬਾਪ ਸੋਚਦੇ ਆ ਜੁਆਕ ਨਿਆਣੀ ਮੱਤ ਕਰਕੇ ਸਹੀ ਜੀਵਨ ਸਾਥੀ ਨਹੀਂ ਲੱਭ ਸਕਦੇ ਤੇ ਬੱਚੇ ਸੋਚਦੇ ਆ,ਅਸੀਂ ਪੜੇ ਲਿਖੇ ਆਂ, ਅਸੀਂ ਜਿੰਦਗੀ ਕੱਢਣੀ ਆਂ, ਆਪਣਾ ਭਲਾ ਬੁਰਾ ਸੋਚ ਸਕਦੇ ਆਂ।

ਅਸਲ ਚ ਤਾਂ ਅੱਜ ਕੱਲ ਲੋੜ ਆ ਮਾਂ ਬਾਪ ਤੇ ਜੁਆਨ ਹੋਏ ਧੀਆਂ ਪੁੱਤਾਂ ਚ ਡਰ ਦੀ ਦੀਵਾਰ ਤੋੜਨ ਦੀ , ਖੁੱਲ ਕੇ ਇੱਕ ਦੂਜੇ ਨਾਲ ਗੱਲ ਬਾਤ ਕਰਨ ਦੀ। ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਆ ਜੇ ਮਾਂ ਬਾਪ ਨੂੰ ਲੱਗਦਾ ਬਈ ਬੱਚੇ ਦਾ ਫੈਸਲਾ ਗਲਤ ਆ,ਕੱਲ ਨੂੰ ਦੁੱਖ ਪਾਊ ਤਾਂ ਸਾਨੂੰ ਚਾਹੀਦਾ ਆਪਣੀ ਅਣਖ ਹਉਮੇਂ ਨੂੰ ਪਾਸੇ ਰੱਖ ਕੇ ਉਹਦੇ ਨਾਲ ਖੜੀਏ। ਉਹਨੂੰ ਪਿਆਰ ਨਾਲ ਸਮਝਾਈਏ ਜੇ ਨਹੀਂ ਵੀ ਸਮਝਦਾ ਤਾਂ ਵੀ ਸਾਥ ਨਾ ਛੱਡੀਏ ਕਿਉਂਕਿ ਅੱਧੀਆਂ ਮੁਸ਼ਕਲਾਂ ਤਾਂ ਆਪਣਿਆਂ ਦੇ ਸਾਥ ਹੋਣ ਕਰਕੇ ਈ ਮੁੱਕ ਜਾਂਦੀਆਂ। ਵੈਸੇ ਵੀ ਧੀਆਂ ਪੁੱਤਾਂ ਦਾ ਪਿਆਰ ਤਾਂ ਖੁਦਗਰਜ ਹੋ ਸਕਦਾ ਮਾਂ ਬਾਪ ਦਾ ਨਹੀਂ। ਕਿਉਂ ਅਸੀਂ ਸਮਾਜ ਜਾਂ ਲੋਕਾਂ ਦੇ ਡਰੋਂ ਆਪਣੇ ਹੀਰਿਆਂ ਵਰਗੇ ਧੀਆਂ ਪੁੱਤਾਂ ਨੂੰ ਗਲੀਆਂ ਚ ਰੋਲਦੇ ਆਂ,ਕਿਉਂ ਉਹਨਾਂ ਦੀ ਗਲਤੀ ਨੂੰ ਨਾਕਾਬਿਲੇ ਮੁਆਫ ਜੁਰਮ ਘੋਸ਼ਿਤ ਕਰਕੇ ਆਪ ਰੱਬ ਦੇ ਸ਼ਰੀਕ ਬਣ ਬੈਠਦੇ ਆਂ, ਕਿਉਂ ਨੀ ਸੋਚਦੇ ਬਈ ਮਰਕੇ ਵੀ ਰਹਿਣੇ ਤਾਂ ਉਹ ਤੁਹਾਡੇ ਆਪਣੇ ਈ ਆ।

Leave a comment