ਗੁਲਾਬੋ ਬੇਬੇ

ਤਿੰਨ ਘਰਾਂ ਦੇ ਚੁਗਾਨ ਵਰਗੇ ਵਿਹੜੇ ਦੇ ਵਿਚਾਲੇ ਪੜਦੋਹਤੀ ਨੂੰ ਬੁੱਕਲ ਚ ਲਈ ਬੈਠੀ ਗੁਲਾਬੋ ਨੂੰ ਉਹ ਦਿਨ ਯਾਦ ਆ ਗਏ ਜਦ ਉਹ ਨਵੀਂ ਵਿਆਹੀ ਇਸ ਘਰ ਚ ਆਈ ਸੀ। ਕਿੰਨੇ ਚਾਵਾਂ ਲਾਡਾਂ ਨਾਲ ਸੱਸ ਗੁਰਦਿੱਤੀ ਨੇ ਪਾਣੀ ਵਾਰ ਕੇ ਦੇਹਲ਼ੀ ਟਪਾਈ ਸੀ। ਸਾਰੇ ਟੱਬਰ ਦਾ ਚਾਅ ਨਹੀਂ ਸੀ ਚੱਕਿਆ ਜਾਂਦਾ, ਪਿੰਡ ਵਿਹੜੇ ਹਰ ਪਾਸੇ ਉਹਦੀਆਂ ਗੱਲਾਂ ਹੁੰਦੀਆਂ ਸੀ। ਕਈ ਕਪੂਰੇ ਦੀ ਕਿਸਮਤ ਕੇ ਰਸ਼ਕ ਕਰਦੇ । ਉਹਦਾ ਗੋਰਾ ਗੁਲਾਬੀ ਭਾਅ ਮਾਰਦਾ ਰੰਗ,ਤਿੱਖੇ ਨੈਣ ਨਕਸ਼, ਲੰਮ ਸਲੰਮਾ ਸਰੂ ਵਰਗਾ ਕੱਦ ਤੇ ਉੱਪਰੋਂ ਚੰਗੇ ਤਕੜੇ ਸਰਦਾਰਾਂ ਦੀ ਧੀ ਸੀ ਗੁਲਾਬ ਕੁਰ। ਜਦ ਉਹ ਨੀਲਾ ਸਰਦਈ ਘੱਗਰਾ ਤੇ ਸ਼ਨੀਲ ਦਾ ਸ਼ਾਲੂ ਲੈਕੇ ਬਾਹਰ ਖੇਤਾਂ ਨੂੰ ਜਾਂਦੀ ਤਾਂ ਪਿੰਡ ਦੇ ਮੁੰਡੇ ਖੁੰਡੇ ਉਹਦਾ ਮੂੰਹ ਵੇਖਣ ਲਈ ਰਾਹਾਂ ਚ ਲੁਕ ਲੁਕ ਬੈਠਦੇ। ਉਹਦੀ ਸੱਸ ਨੇ ਹਰ ਰੋਜ ਰਾਤ ਨੂੰ ਮਿਰਚਾਂ ਵਾਰ ਕੇ ਚੁੱਲੇ ਚ ਪਾਉਣੀਆਂ, ਕਹਿਣਾ ਲੋਕਾਂ ਦੀ ਨਜਰ ਤਾਂ ਪੱਥਰ ਪਾੜ ਦਿੰਦੀ ਆ,ਬਚ ਕੇ ਰਿਹਾ ਕਰ ਮੇਰੀ ਰਾਣੀ ਧੀਏ।

ਗੁਲਾਬੋ ਜਿੰਨੀ ਸੋਹਣੀ ਤੇ ਸੁਨੱਖੀ ਸੀ ਉਨੀ ਹੀ ਸੁਭਾਅ ਦੀ ਵੀ ਨਿੱਘੀ ਸੀ, ਦਿਨਾਂ ਚ ਈ ਉਹਟੱਬਰ ਟੀਹਰ ਚ ਰਚ ਮਿਚ ਗਈ। ਸਵੇਰੇ ਚਾਰ ਵਜੇ ਉੱਠ ਕੇ ਘਰ ਦੇ ਕੰਮ ਕਾਰ ਚ ਲੱਗ ਜਾਂਦੀ ਤੇ ਰਾਤ ਨੂੰ ਸਾਰਿਆਂ ਦੇ ਸੁੱਤਿਆਂ ਤੋਂ ਮੰਜੇ ਤੇ ਪੈਂਦੀ। ਬਥੇਰਾ ਕਪੂਰ ਸਿੰਘ ਕਹਿੰਦਾ ਭਲੀਏ ਮਾਣਸੇ ਆਪਣਾ ਨਹੀਂ ਮੇਰਾ ਤਾਂ ਧਿਆਨ ਰੱਖ ਲਿਆ ਕਰ, ਪਰ ਉਹ ਸੀ ਕਿ ਹਰ ਇੱਕ ਨੂੰ ਖਸ਼ ਕਰਨ ਚ ਲੱਗੀ ਰਹਿੰਦੀ। ਕਪੂਰ ਸਿੰਘ ਭਾਵੇਂ ਉਹਦੇ ਸਾਹੀਂ ਜਿਉਂਦਾ ਸੀ ਪਰ ਸੀ ਮਾਂ ਦਾ ਫਰਮਾ ਬਰਦਾਰ।

ਵਿਆਹ ਦੇ ਪਹਿਲੇ ਪੰਜਾਂ ਸਾਲਾਂ ਚ ਈ ਗੁਲਾਬੋ ਦੀ ਜਿੰਦਗੀ ਚੋਂ ਗੁਲਾਬੀ ਰੰਗ ਤੇ ਰਾਣੀਆਂ ਵਾਲੀ ਕਿਸਮਤ ਖੰਬ ਲਾ ਕੇ ਉੱਡ ਪੁਡ ਗਏ। ਉਹੀ ਸੱਸ ਜਿਹੜੀ ਉਹਨੂੰ ਨਜਰਾਂ ਤੋਂ ਬਚਾਅ ਬਚਾਅ ਰੱਖਦੀ ਸੀ, ਹਰ ਵੇਲੇ ਧੀਆਂ ਜੰਮਣ ਦੇ ਤਾਹਨੇ ਮਾਰਨੋਂ ਨਾ ਹੱਟਦੀ। ਭਾਵੇਂ ਉਪਰੋਥਲੀ ਦੀਆਂ ਜੰਮੀਆਂ ਤਿੰਨੇ ਧੀਆਂ ਨੂੰ ਈ ਗੁਰਦਿੱਤੀ ਨੇ ਸਵੇਰ ਦਾ ਸੂਰਜ ਨਹੀਂ ਸੀ ਵੇਖਣ ਦਿੱਤਾ ਪਰ ਗੁਲਾਬੋ ਫੇਰ ਵੀ ਧੀਆਂ ਦੀ ਮਾਂ ਹੋਣ ਦਾ ਹਰਜਾਨਾ ਦਿਨ ਰਾਤ ਭਰਦੀ ਰਹੀ।ਰਾਤ ਨੂੰ ਜਦ ਸਭ ਸੌਂ ਜਾਂਦੇ ਤਾਂ ਉਹਨੂੰ ਧੀਆਂ ਦੀਆਂ ਸਿਸਕੀਆਂ ਸੌਣ ਨਾ ਦਿੰਦੀਆਂ । ਕਈ ਵਾਰ ਉਹ ਆਨੇ ਬਹਾਨੇ ਕਪੂਰ ਸਿੰਘ ਜਾਂ ਆਪਣੀ ਸੱਸ ਨੂੰ ਟਿਕੀ ਰਾਤ ਜੁਆਕਾਂ ਦੇ ਰੋਣ ਦੀਆਂ ਅਵਾਜਾਂ ਬਾਰੇ ਪੁੱਛਦੀ ਤਾਂ ਉਹ ਉਹਨੂੰ ਅੱਧ ਕਮਲੀ ਓ ਦੱਸਦੇ।

ਅਖੀਰ ਪਤਾ ਈ ਨੀ ਕਿੰਨੇ ਖੂਹ ਟੂਬੇ ਪੈ ਕੇ ਰੱਬ ਨੇ ਉਹਦੀ ਸੁਣੀ ਤੇ ਗੁਲਾਬ ਕੌਰ ਵੀ ਜਿਉਂਦਿਆਂ ਚ ਹੋ ਗਈ। ਉੱਪਰੋ ਥਲੀ ਤਿੰਨ ਪੁੱਤਾਂ ਦੀ ਮਾਂ ਬਣੀ ਗੁਲਾਬ ਕੁਰ ਵੀ ਪੁੱਤਾਂ ਪੋਤਿਆਂ ਦੇ ਚਾਅ ਚ ਧੀਆਂ ਦੀਆਂ ਸਿਸਕੀਆਂ ਨੂੰ ਭੁੱਲ ਗਈ। ਭੁੱਲ ਗਈ ਗੁਲਾਬ ਕੁਰ ਬਈ ਹੱਥੀਂ ਬੀਜੇ ਕਰਮਾਂ ਦੇ ਖੇਤਾਂ ਨੂੰ ਵੱਢਣਾਂ ਤਾਂ ਇੱਕ ਦਿਨ ਪੈਣਾ ਈ ਸੀ। ਹੁਣ ਤਿੰਨੇ ਪੁੱਤਾਂ ਤੇ ਪੋਤਿਆਂ ਦੇ ਤੁਰ ਜਾਣ ਮਗਰੋਂ ਵਿਹੜੇ ਫਿਰਦੀਆਂ ਬਚੀਆਂ ਤਿੰਨ ਪੋਤੀਆਂ ਤੇ ਉਹਨਾਂ ਦੀਆਂ ਧੀਆਂ ਵੱਲ ਵੇਖਦੀ ਸੋਚਦੀ ਜ਼ਰੂਰ ਆ , ਰੱਬ ਦੇ ਘਰ ਇਨਸਾਫ ਚ ਦੇਰ ਜ਼ਰੂਰ ਆ ਪਰ ਅੰਧੇਰ ਨੀ। ਇਹ ਸ਼ਾਇਦ ਉਹੀ ਨੇ ਜਿੰਨਾਂ ਨੂੰ ਮੈਂ ਬਚਾ ਨਾ ਸਕੀ, ਜਿਹਨਾਂ ਦੀਆਂ ਸਿਸਕੀਆਂ ਨੇ ਮੈਨੂੰ ਸਾਰੀ ਉਮਰ ਸੌਣ ਨਹੀਂ ਦਿੱਤਾ । ਕਈ ਵਾਰ ਪਰ ਆਪਣੇ ਰੱਬ ਨਾਲ ਗਿਲਾ ਵੀ ਕਰਦੀ , ਕਹਿੰਦੀ ਮੈਂ ਤਾਂ ਮਜਬੂਰ ਗ਼ਰੀਬੜੀ ਜ਼ਨਾਨੀ ਸੀ, ਕਸੂਰ ਵਾਲੀ ਤਾਂ ਉੱਪਰ ਜਾ ਬੈਠੀ। ਉਹਦੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਨੂੰ ਮੈਂ ਮੂੰਹ ਨਾਲ ਖੋਲਦੀ ਖੋਲਦੀ ਥੱਕ ਗਈ ਓ ਰੱਬਾ। ਗੁਰਦਿੱਤੀ ਬੇਬੇ ਦੀ ਪੁੱਤਾਂ ਦੀਆਂ ਕਿਲਕਾਰੀਆਂ ਸੁਣਨ ਦੀ ਚਾਹਤ ਨੇ ਮੇਰੀਆਂ ਧੀਆਂ ਦੀਆਂ ਕਿਲਕਾਰੀਆਂ ਨੂੰ ਐਸਾ ਮਾਰਿਆ ਕਿ ਰੱਬ ਨੇ ਮੇਰੀ ਦੇਹਲੀ ਓ ਧੀਆਂ ਦੇ ਨਾਮ ਲਿਖ ਦਿੱਤੀ। ਕਦੇ ਉਹ ਪੋਤੀਆਂ ਪੜਦੋਹਤੀਆਂ ਵੱਲ ਵੇਖ ਵੇਖ ਹੱਸਦੀ,ਖੁਸ਼ ਹੁੰਦੀ, ਮੇਰੀ ਸਰਾਪੀ ਰੂਹ ਦਾ ਕਰਜ਼ ਲਹਿ ਗਿਆ ਪਰ ਕਦੇ ਕਦੇ ਗਿਲਾ ਵੀ ਕਰਦੀ ਕਹਿੰਦੀ ਰੱਬਾ ਐਨਾ ਬੇਰਹਿਮ ਵੀ ਨਾ ਬਣ, ਮਿੱਸਾ ਜਿਹਾ ਟੱਬਰ ਬਣਾ ਦੇ।

One Comment Add yours

  1. jiit6784 says:

    ਮਿੱਸਾ ਜਿਹਾ ਟੱਬਰ। ਵਾਹ।

    Liked by 1 person

Leave a comment