ਰੱਬ ਹੱਥ ਡੋਰੀ

ਕੱਲ ਪੰਜਾਬ ਤੋਂ ਗੜੇ ਮੀਂਹ ਦੀਆਂ ਖਬਰਾਂ ਸੁਣ ਕੇ ਬਚਪਨ ਦੀਆਂ ਗੱਲਾਂ ਯਾਦ ਆ ਗਈਆਂ। ਜਦ ਮੀਂਹ ਪੈਣਾਂ ਅਸੀਂ ਦੁਨੀਆਂ ਤੋਂ ਬੇਖਬਰ ਮੀਂਹ ਚ ਨਹਾਉਣਾ ਤੇ ਗਾਉਣਾਂ ਰੱਬਾ ਰੱਬਾ ਮੀਂਹ ਵਸਾ। ਗਰਮੀਆਂ ਚ ਤਾਂ ਨਾਨੀ ਨੇ ਵੀ ਕਹਿਣਾਂ ਨਹਾ ਲੋ, ਪਿੱਤ ਮਰ ਜਾਊ ਤੇ ਸਾਓਣ ਚ ਅਸੀਂ ਗੁਲਗੁਲੇ ਪੂੜੇ ਖੀਰਾਂ ਦੇ ਚਾਅ ਚ ਈ ਪਿੱਪਲ ਦੇ ਪੱਤੇ ਤੋੜਨ ਭੱਜਣਾਂ। ਸਾਓਣ ਚ ਤਾਂ ਵੈਸੇ ਘਰ ਘਰ ਈ ਖੁਸ਼ੀਆਂ ਦਾ ਮਹੌਲ ਹੁੰਦਾ ਸੀ ਕਹਿਣਾ ਇਸ ਰੁੱਤ ਦਾ ਮੀਂਹ ਤਾਂ ਫਸਲਾਂ ਨੂੰ ਰੇਅ ਵਾਂਗ ਲੱਗਦਾ ਪਰ ਜਦ ਉਹੀ ਮੀਂਹ ਕਰੁੱਤਾ ਪੈਣ ਲੱਗ ਜਾਣਾ ਜਦ ਫਸਲਾਂ ਪੱਕੀਆਂ ਖੜੀਆਂ ਹੋਣੀਆਂ ਜਾਂ ਦਾਣੇ ਪੈਣ ਤੇ ਹੋਣੀਆਂ ਤਾਂ ਲੋਕਾਂ ਨੇ ਵਾਹਿਗੁਰੂ ਵਾਹਿਗੁਰੂ ਕਰਕੇ ਰੱਬ ਨੂੰ ਮਨਾਉਣ ਰਿਝਾਉਣ ਦੇ ਤਰੀਕੇ ਲੱਭਣੇ।

ਮੈਨੂੰ ਯਾਦ ਆ ਜੇ ਪੱਕੀ ਕਣਕ ਜਾਂ ਮੱਕੀ ਤੋਂ ਗੜੇ ਮੀਂਹ ਆ ਜਾਣਾ ਤਾਂ ਨਾਨੀ ਨੇ ਕਹਿਣਾਂ ਜਾਹ ਪੁੱਠਾ ਤਵਾ ਕਰਕੇ ਵਿਹੜੇ ਚ ਸਿੱਟ, ਫੇਰ ਰੱਬ ਹਟੂ । ਸ਼ਾਇਦ ਇਹ ਰੱਬ ਨੂੰ ਬੇਸ਼ਰਮੀ ਦੇਣ ਦਾ ਜਾਂ ਦੱਸਣ ਦਾ ਤਰੀਕਾ ਹੁੰਦਾ ਸੀ ਬਈ ਜੇ ਨਾਂ ਹਟਿਆ ਤਾਂ ਸਾਡੇ ਤਾਂ ਤਵੇ ਮੂਧੇ ਵੱਜ ਜਾਣਗੇ,ਰੋਟੀ ਪਾਣੀ ਤੋਂ ਭੁੱਖੇ ਮਰ ਜਾਵਾਂਗੇ। ਰੱਬ ਵੀ ਵਾਰ ਸੁਣ ਲੈਂਦਾ ਹੋਣਾਂ , ਦਿਲੋਂ ਕਰੀ ਫਰਿਆਦ ਨੂੰ ,ਨਹੀਂ ਫੇਰ ਲੋਕ ਸੋਚਦੇ ਹੋਣਗੇ ਬਈ ਚਲੋ ਅਸੀਂ ਰੱਬ ਦੀ ਦਰਗਾਹ ਅਰਜੀ ਤਾਂ ਪਾ ਈ ਦਿੱਤੀ। ਜੇ ਹਨੇਰੀ ਆਉਣੀ ਤਾਂ ਛੋਟੇ ਜੁਆਕਾਂ ਨੂੰ ਬਨੇਰੇ ਤੇ ਨੰਗੇ ਬਿਠਾ ਕੇ ਪਿੱਠ ਚਕਾ ਕੇ ਕਹਿਣਾ ਕਹੋ ਉੱਪਰ ਛਾਲ,ਉੱਪਰ ਵਾਲ਼,ਜਾਂ ਉੱਪਰ ਉੱਪਰ ਦੀ ਜਾਹ ਜਾਂ ਕੁੱਛ ਕਹਿੰਦੇ ਸੁਣਿਆ ਤੇ ਵੇਖਿਆ ਜਰੂਰ ਆ ਪਰ ਕਦੇ ਸਮਝ ਨੀ ਲੱਗੀ ਬਈ ਇਹ ਟੂਣਾ ਟਾਮਣ ਕੀ ਹੁੰਦਾ ਸੀ।

ਅਸਲ ਚ ਉਹ ਲੋਕ ਸਿੱਧੇ ਸਾਧੇ ਹੁੰਦੇ ਸੀ ਤੇ ਉਹਨਾਂ ਦਾ ਵਿਸ਼ਵਾਸ਼ ਸੀ ਬਈ ਸੱਚੇ ਦਿਲੋਂ ਰੱਬ ਨੂੰ ਕਰੀ ਅਰਦਾਸ ਰੱਬ ਜਰੂਰ ਸੁਣੂ। ਹੁਣ ਲੋਕ ਸਿਆਣੇ ਆ, ਹਰ ਚੀਜ ਨੂੰ ਸਾਇੰਸ ਦੇ ਤਰੀਕੇ ਨਾਲ ਵੇਖਦੇ ਸੋਚਦੇ ਆ ਤੇ ਬਹੁਤੀਆਂ ਗੱਲਾਂ ਨੂੰ ਵਹਿਮ ਭਰਮ ਸਮਝਦੇ ਆ। ਮੈਨੂੰ ਵੀ ਲੱਗਦਾ ਬਈ ਇਹ ਰੀਤੀ ਰਿਵਾਜ ਹੈ ਤਾਂ ਚਾਹੇ ਵਹਿਮ ਭਰਮ ਈ , ਨਹੀਂ ਤਾਂ ਗੁੱਡੀਆਂ ਫੂਕਣ ਜਾਂ ਚੌਲਾਂ ਦੇ ਯੱਗ ਕਰਨ ਨਾਲ ਕਦ ਮੀਂਹ ਪੈਂਦੇ ਆ ਪਰ ਗੱਲ ਉਹਨਾਂ ਦੇ ਯਕੀਨ ਦੀ ਸੀ। ਉਹਨਾਂ ਨੂੰ ਯਕੀਨ ਹੁੰਦਾ ਸੀ ਬਈ ਕੋਈ ਉੱਪਰ ਬੈਠਾ ਰੱਬ ਹੈਗਾ ਜਿਹਨੂੰ ਸਾਡਾ ਫਿਕਰ ਆ ,ਉਹ ਜਰੂਰ ਸੁਣੂ ਸਾਡੀ ਜਾਂ ਕਹਿ ਲਵੋ ਉਹਨਾਂ ਦੀ ਦੁਨੀਆਂ ਰੱਬ ਆਸਰੇ ਈ ਚੱਲਦੀ ਸੀ। ਅਸੀਂ ਸਾਇੰਸ ਦੇ ਯੁੱਗ ਦੀ ਪੈਦਾਇਸ਼ ਆਂ ਤੇ ਹਰ ਚੀਜ ਨੂੰ ਘੋਖ ਵਜਾ ਕੇ ਪਰਖਦੇ ਆਂ ਤੇ ਕਾਰਣ ਲੱਭਦੇ ਆਂ ਪਰ ਅਸੀਂ ਕਾਰਣ ਲੱਭ ਕੇ ਵੀ ਬਹੁਤ ਵਾਰ ਬੇਵੱਸ ਜਿਹੇ ਜਰੂਰ ਹੋ ਜਾਨੇ ਆਂ।

ਕਈ ਵਾਰ ਤਾਂ ਲੱਗਦਾ ਬਈ ਸਾਡੇ ਬਜੁਰਗ ਸਿਆਣੇ ਸੀ, ਬਹੁਤੀਆਂ ਅਣਸੁਲਝੀਆਂ ਪਹੇਲੀਆਂ ਰੱਬ ਦੇ ਪੱਲੇ ਪਾਕੇ ਆਪ ਬੇਫਿਕਰ ਹੋ ਜਾਂਦੇ ਸੀ, ਜਿਵੇਂ ਬਾਪ ਦੇ ਹੁੰਦਿਆਂ ਬੱਚੇ ਬੇਫਿਕਰ ਹੋ ਜਾਂਦੇ ਆ ਬਈ ਆਪੇ ਬਾਪੂ ਵੇਖੂ। ਉਹ ਵਹਿਮਾਂ ਭਰਮਾਂ ਚ ਚਾਹੇ ਡੁੱਬੇ ਸੀ ਪਰ ਢੋਲੇ ਦੀਆਂ ਲਾਉਂਦੇ ਸੀ, ਖੁਸ਼ ਰਹਿੰਦੇ ਸੀ, ਰੁੱਖੀ ਮਿੱਸੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦੇ ਸੀ। ਹੁਣ ਅਸੀਂ ਬਹੁਤੀਆਂ ਉਲਝਣਾਂ ਸੁਲਝਾਉਣ ਵਾਲੇ , ਛੱਤੀ ਪਦਾਰਥ ਖਾ ਕੇ ਸੌਣ ਵਾਲੇ ਵੀ ਛੱਤੀ ਸੌ ਬਿਮਾਰੀਆਂ ਨਾਲ ਜੂਝ ਰਹੇ ਆਂ, ਹਰ ਤੀਜਾ ਬੰਦਾ ਦਿਮਾਗੀ ਪਰੇਸ਼ਾਨੀਆਂ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਆ। ਕਈ ਵਾਰ ਤਾਂ ਸੋਚਦੀ ਆਂ ਬਈ ਰੱਬ ਦੇ ਹੱਥ ਡੋਰੀ ਫੜਾ ਕੇ ਸੁਰਖਰੂ ਜਿਹੇ ਹੋਕੇ ਜਿੰਦਗੀ ਜਿਓਣਾ ਵੀ ਸ਼ਾਇਦ ਕੋਈ ਮਾੜੀ ਗੱਲ ਨਹੀਂ।

Leave a comment