ਲੰਮੀ ਉਮਰ ਦਾ ਰਾਜ

ਕੱਲ ਭੁਪਿੰਦਰ ਸਿੰਘ ਪਾਲੀ ਜੀ ਦੀ ਇੱਕ ਪੋਸਟ ਪੜੀ ਕਹਿੰਦੇ ਮਰਦ ਜਵਾਨ ਦੇਰ ਤੱਕ ਰਹਿੰਦੇ ਆ ਪਰ ਮਰਦੇ ਛੇਤੀ ਆ ਤੇ ਇਹਦੇ ਉਲਟ ਔਰਤਾਂ ਬੁੱਢੀਆਂ ਛੇਤੀ ਹੋ ਜਾਂਦੀਆਂ ਪਰ ਮਰਦੀਆਂ ਲੇਟ ਆ। ਸੋਚਿਆ ਮਨਾਂ ਗੱਲ ਤਾਂ ਸਹੀ ਆ ਜੇ ਆਪਣੇ ਆਲੇ ਦੁਆਲੇ ,ਘਰ ਘਰ ਚ ਵੇਖਦੀ ਆਂ ,ਤਾਂ ਸਾਡੀਆਂ ਮਾਵਾਂ ਦਾਦੀਆਂ ਭਾਵੇਂ ਵਿਆਹੀਆਂ ਹਮ ਉਮਰ ਦੇ ਮਰਦਾਂ ਨਾਲ ਈ ਸੀ ਪਰ ਲੰਮੀ ਉਮਰ ਭੋਗਦੀਆਂ ਦਿਸਦੀਆਂ। ਔਰਤਾਂ ਦੀ ਲੰਮੀ ਉਮਰ ਦਾ ਰਾਜ ਵੀ ਇੱਕ ਰਾਜ ਈ ਆ।

ਹੁਣ ਕਈਆਂ ਨੇ ਤਾਂ ਮਜਾਕ ਮਜਾਕ ਚ ਕਹਿ ਦੇਣਾ ਬਈ ਮਰਦ ਵਿਚਾਰੇ ਤਾਂ ਔਰਤਾਂ ਤੋਂ ਦੁਖੀ ਹੋਕੇ,ਵੇਲਣਿਆਂ ਦੀ ਮਾਰ ਝੱਲਦੇ ਝੱਲਦੇ ਛੇਤੀ ਤੁਰ ਜਾਂਦੇ ਆ ਪਰ ਅਸਲੀਅਤ ਇਹ ਆ ਬਈ ਔਰਤਾਂ ਦੀ ਮੌਤ ਦਰ ਮਰਦਾਂ ਦੇ ਮੁਕਾਬਲੇ ਜਿੰਦਗੀ ਦੇ ਹਰ ਮਰਹੱਲੇ ਚ ਈ ਘੱਟ ਹੁੰਦੀ ਆ। ਇਸੇ ਕਾਰਣ ਈ ਸ਼ਾਇਦ ਸਮਾਜ ਚ ਮੁੰਡਿਆਂ ਨੂੰ ਸਾਂਭ ਸਾਂਭ ਕੇ ਰੱਖਣ ਦਾ ਵਰਤਾਰਾ ਤੁਰਿਆ ਹੋਣਾ। ਸੁਣਦੇ ਤੇ ਵੇਖਦੇ ਆਂ ਰਹੇ ਆਂ ਬਈ ਸਮਾਜ ਚ ਕਿਵੇਂ ਮੁੰਡਿਆਂ ਦੇ ਜੰਮਣ ਤੋਂ ਲੈਕੇ ਕਿੰਨੇ ਰੱਖ ਰੱਖਾਅ, ਨਜਰਾਂ ਤੇ ਟੂਣੇ ਟਾਮਣ ਕਰੇ ਜਾਂਦੇ ਆ। ਮੁੰਡੇ ਦੇ ਬੰਨੀ ਤੜਾਗੀ ਵੀ ਇੱਕ ਤਰਾਂ ਦੀ ਸਿਹਤ ਨਾਪਣ ਵਾਲੀ ਮਸ਼ੀਨ ਈ ਹੁੰਦੀ ਆ। ਹਰ ਰੋਜ ਮੱਥੇ ਲਾਇਆ ਕਾਲਾ ਟਿੱਕਾ ਜਾਂ ਗਲ ਚ ਪਾਏ ਤਵੀਤ ਵੀ ਲੋੜੀ ਦਾ ਗੁੜ ਢਿੱਲਾ ਢਿੱਲਾ ਦੇ ਅਖਾਣ ਦੀ ਓ ਗਵਾਹੀ ਭਰਦੇ ਆ।

ਕੁੜੀਆਂ ਵਿਚਾਰੀਆਂ ਤਾਂ ਆਪਣੇ ਭਾਗੀਂ ਓ ਬਚ ਰਹਿੰਦੀਆਂ ਸੀ, ਹੁਣ ਤਾਂ ਹਾਲਾਤ ਬਦਲ ਗਏ ਕੁੜੀਆਂ ਵੀ ਮੰਗੀ ਲੋੜੀਦੀਆਂ ਹੋ ਗਈਆਂ। ਅਸਲ ਚ ਕੁੜੀਆਂ ਦੀ ਮਿੱਟੀ ਚ ਈ ਰੱਬ ਨੇ ਸ਼ਹਿਨਸ਼ੀਲਤਾ, ਸਬਰ ਸੰਤੋਖ ਤੇ ਮਿਹਨਤ ਦੀ ਮਾਤਰਾ ਵੱਧ ਮਿਲਾ ਕੇ ਭੇਜੀ ਆ। ਨਹੀਂ ਤਾਂ ਬੱਚੇ ਨੂੰ ਜਨਮ ਦੇਣਾ ਤੇ ਪਾਲਣਾਂ ਹਾਰੀ ਸਾਰੀ ਦੇ ਵੱਸ ਦਾ ਨਹੀਂ। ਸ਼ਾਇਦ ਕਰਕੇ ਈ ਬੱਚੇ ਜੰਮਦੀਆਂ ਪਾਲਦੀਆਂ,ਘਰ ਬਣਾਉਂਦੀਆਂ ਸੰਭਾਲਦੀਆਂ ਔਰਤਾਂ ਮਰਦਾਂ ਦੇ ਮੁਕਾਬਲੇ ਛੇਤੀ ਬੁੱਢੀਆਂ ਲੱਗਣ ਲੱਗ ਜਾਂਦੀਆਂ। ਲੰਮੀ ਉਮਰ ਦਾ ਰਾਜ ਵੀ ਉਹਨਾਂ ਦੇ ਇਸੇ ਦਿਨ ਰਾਤ ਤੁਰੇ ਫਿਰਨ ਤੇ ਸੇਵਾ ਭਾਵਨਾ ਚ ਈ ਲੁਕਿਆ ਹੋਇਆ। ਤਕਰੀਬਨ ਹਰ ਘਰ ਚ ਈ ਜਦ ਮਰਦ ਕੰਮ ਕਾਰ ਕਰਕੇ ਮੰਜੇ ਸੋਫੇ ਤੇ ਆ ਕੇ ਬੈਠ ਜਾਂਦਾ ਤਾਂ ਹਰ ਚੀਜ ਜਾਂ ਗੱਲ ਲਈ ਓ ਸਰਦਾਰਨੀ ਨੂੰ ਅਵਾਜਾਂ ਮਾਰ ਮਾਰ ਸੱਦ ਦਾ ਤੇ ਆਪ ਉੱਠ ਕੇ ਪਾਣੀ ਦਾ ਗਲਾਸ ਪੀਣਾ ਵੀ ਗਵਾਰਾ ਨੀ ਸਮਝਦਾ। ਸਾਡੀ ਦਾਦੀ ਕਹਿੰਦੀ ਹੁੰਦੀ ਬਈ ਵਿਹਲਿਆਂ ਬੈਠਿਆਂ ਨੂੰ ਤਾਂ ਮੰਜਾ ਜਾਂ ਸੋਫਾ ਈ ਖਾ ਜਾਂਦਾ, ਸ਼ਾਇਦ ਅਖੀਰਲੀ ਉਮਰ ਚ ਇਹ ਮੰਜੇ ਸੋਫੇ ਮਰਦਾਂ ਦੀ ਉਮਰ ਤਾਂ ਨਹੀਂ ਖਾ ਜਾਂਦੇ। ਇਹਦੇ ਉਲਟ ਬੀਬੀਆਂ ਅਖੀਰ ਤੱਕ ਔਖੀਆਂ ਸੌਖੀਆਂ ਹੋਕੇ ਘਰ ਰਸੋਈ ਦਾ ਕੰਮ ਕਰਦੀਆਂ ਰਹਿੰਦੀਆਂ। ਮੈਨੂੰ ਲੱਗਦਾ ਇਹ ਤੁਰਨਾ ਫਿਰਨਾ ,ਅਣਜਕੀਆਂ ਔਰਤਾਂ ਲਈ ਲੰਮੀ ਉਮਰ ਦਾ ਵਰ ਬਣ ਨਿਬੜਦਾ ਤੇ ਬੰਦਿਆਂ ਦੇ ਸਿਰਾਂ ਚ ਵਸਿਆ ਸਰਦਾਰੀ ਜਾਂ ਹੁਕਮ ਚਲਾਓਣ ਵਾਲਾ ਕੀੜਾ ਉਹਨਾਂ ਦੀ ਘੱਟ ਉਮਰ ਦਾ ਸ਼ਰਾਪ।

Leave a comment