ਬੀਬੀਆਂ ਦੀ ਸਿਆਣਪ

ਵੈਸੇ ਤਾਂ ਕਹਿੰਦੇ ਹੁੰਦੇ ਆ ਬਈ ਘਰ ਬੀਬੀਆਂ ਦੀ ਸਿਆਣਪ ਨਾਲ ਈ ਚੱਲਦੇ ਆ,ਜੇ ਜਨਾਨੀ ਸਿਆਣੀ ਹੋਵੇ ਤਾਂ ਘਰ ਬੰਨ ਲੈਂਦੀ ਆ ਤੇ ਜੇ ਉਜਾੜਨ ਤੇ ਆ ਜਾਵੇ ਤਾਂ ਸੂਈ ਦੇ ਰਾਹ ਵੀ ਉਜਾੜ ਦਿੰਦੀ ਆ। ਅੱਖਾਂ ਨਾਲ ਵੇਖਿਆ ਵੀ ਆ, ਕਈ ਚੰਗੇ ਖਾਂਦੇ ਪੀਂਦੇ ਘਰਾਂ ਦੇ ਤਵੇ ਮੂਧੇ ਵੱਜ ਗਏ,ਤੇ ਕਈਆਂ ਨੇ ਆਪਣੀ ਮਿਹਨਤ ਨਾਲ ਡੁੱਬਿਆਂ ਪਿਆਂ ਨੂੰ ਵੀ ਸੰਵਾਰ ਲਿਆ। ਪੁਰਾਣੇ ਸਮਿਆਂ ਚ ਤਾਂ ਲੋਕਾਂ ਕੋਲ ਗਿਣਤੀ ਮਿਣਤੀ ਦੀਆਂ ਚੀਜਾਂ ਹੁੰਦੀਆਂ ਸੀ ਤੇ ਸਿਆਣੀ ਬੁੜੀ ਉਸੇ ਨੂੰ ਮੰਨਦੇ ਸੀ ਜੋ ਪ੍ਰਹੁਣੇ ਘਰ ਵੜਨ ਸਾਰ ਹੱਟੀ ਨੂੰ ਜਾਂ ਗੁਆਂਢੀਆਂ ਦੇ ਮੰਗਣ ਨਹੀਂ ਸੀ ਭੱਜਦੀ। ਕਈ ਤਾਂ ਘਰ ਚੋਂ ਅੱਗ ਵੀ ਨਹੀਂ ਸੀ ਗੁਆਉਂਦੀਆਂ, ਪਾਥੀ ਸੁਆਹ ਚ ਨੱਪ ਦਿੰਦੀਆਂ ਤੇ ਜਦ ਲੋੜ ਹੁੰਦੀ ਬਾਲ ਲੈਂਦੀਆਂ। ਕੱਤਣਾ,ਬੁਣਨਾ, ਕੱਪੜੇ ਸਿਉਣੇ,ਠੀਕ ਕਰਨੇ ਉਹਨਾਂ ਦਾ ਰੋਜ ਦਾ ਕੰਮ ਹੁੰਦਾ ਸੀ।ਮੁੱਲ ਦਾ ਬਜਾਰੂ ਸਮਾਨ ਤਾਂ ਅਣਸਰਦੇ ਨੂੰ ਖ੍ਰੀਦ ਦੀਆਂ ਸੀ।

ਅਸਲ ਚ ਉਹ ਬਹੁਗੁਣੀਆਂ ਹੁੰਦੀਆਂ ਸੀ, ਜੇ ਕੁੱਛ ਨਾਂ ਵੀ ਆਉਂਦਾ ਹੋਣਾਂ ਤਾਂ ਆਂਢਣਾ ਗੁਆਂਢਣਾਂ ਨਾਲ ਰਲ ਕੇ ਬਣਾ ਲੈਂਦੀਆਂ। ਘੱਟ ਪੈਸੇ ਨੂੰ ਵਧਾ ਕੇ ਵਰਤਣ ਜਾਂ ਬੱਚਤ ਕਰਨ ਚ ਵੀ ਮਾਹਰ ਹੁੰਦੀਆਂ ਸੀ। ਬਚਪਨ ਚ ਮੈਂ ਵੀ ਨਾਨੀ ਨੂੰ ਹੱਥੀਂ ਬਹੁਤ ਕੁੱਛ ਬਣਾਉਂਦਿਆਂ ਵੇਖਿਆ। ਉਹਨੇ ਘਰ ਬਸਾਰ ਜਾਂ ਹਲਦੀ ਨੂੰ ਤੇਲ ਤੇ ਮਸਾਲੇ ਪਾ ਕੇ ਰਲਾ ਕੇ ਰੱਖਣਾਂ , ਵੜੀਆਂ ਬਣਾਉਣੀਆਂ , ਨਿੰਮ ਜਾਂ ਅਰਿੰਡ ਦਾ ਸਾਬਣ ਬਣਾਉਣਾ, ਗਾਚੀ ਤੇ ਕਾਗਜਾਂ ਦੇ ਬੋਹਟੇ ਬਣਾਉਣੇ। ਪਿੰਡ ਚ ਸ਼ਾਇਦ ਉਹ ਪਹਿਲੀ ਓ ਸੀ ਜਿਹੜੀ ਘਰ ਲਾਜਵਰ ਬਣਾਉਂਦੀ ਸੀ। ਉਹਨਾਂ ਵੇਲਿਆਂ ਚ ਕਿਹੜਾ ਦੁੱਧ ਵਰਗੀ ਸਫੇਦੀ ਲਿਆਉਣ ਵਾਲੇ ਨਿਰਮਾ ਵਾਸ਼ਿੰਗ ਪਾਊਡਰ ਹੁੰਦੇ ਸੀ, ਨੀਲ ਵੜੀ ਦੀ ਲੀਰ ਚ ਪੋਟਲੀ ਬੰਨੀ ਹੁੰਦੀ ,ਉਸੇ ਨੀਲ ਵੜੀ ਨੂੰ ਉਹਨੇ ਕਣਕ ਦੀ ਸਟਾਰਚ ਚ ਘੋਟ ਘੋਟ ਕੇ ਲਾਜਵਰ ਬਣਾਉਣਾ।

ਕਈ ਵਾਰ ਤਾਂ ਦਿਲ ਕਰਦਾ ਨਾਨੀ ਦੀਆਂ ਪੁਰਾਣੀਆਂ ਰੈਸੀਪੀਜ,ਕਲਾਵਾਂ ਨੂੰ ਕਲਮਬੰਧ ਕਰਕੇ ਜਰੂਰ ਰੱਖ ਲਵਾਂ, ਨਹੀਂ ਤਾਂ ਇਹ ਮੇਰੇ ਨਾਲ ਈ ਖਤਮ ਹੋ ਜਾਣੀਆਂ ਫੇਰ ਸੋਚਦੀ ਆਂ ,ਅੱਜ ਕੱਲ ਸ਼ੋਸ਼ਲ ਮੀਡੀਆ ਤੇ ਨਾਨੀਆਂ ਦਾਦੀਆਂ ਦੇ ਨੁਸਖੇ ਜਾਂ ਰੈਸੀਪੀਜ ਦਾ ਗਾਹ ਪਿਆ ਫਿਰਦਾ ਪਰ ਪਰਾਬਲਮ ਆ ਸਹੀ ਜਾਂ ਅਸਲੀ ਚੀਜ ਲੱਭਣਾ। ਉਹ ਤਾਂ ਘਾਹ ਦੇ ਗੱਡੇ ਚੋਂ ਸੂਈ ਲੱਭਣ ਦੇ ਬਰਾਬਰ ਹੋਇਆ ਪਿਆ। ਕਈ ਤਾਂ ਚੀਜਾਂ ਤਾਂ ਨਫੇ ਦੀ ਥਾਂ ਨੁਕਸਾਨ ਕਰ ਜਾਂਦੀਆਂ,ਮੇਰੇ ਨਾਲ ਤਾਂ ਇੱਕ ਦੋ ਵਾਰ ਹੋ ਚੁੱਕਿਆ। ਉਹ ਤਾਂ ਵੀਡੀਓ ਬਣਾ ਕੇ ਪਰੇ ਹੁੰਦੇ ਆ ਤੇ ਪੰਗਾ ਮੇਰੇ ਵਰਗੀ ਕਮਲੀ ਨੂੰ ਸਿਰ ਖੁਰਕ ਖੁਰਕ ਭੁਗਤਣਾਂ ਪੈਂਦਾ। ਅਸਲ ਚ ਜਦ ਤੱਕ ਕੋਈ ਵੀ ਕਿਤਾਬੀ ਗਿਆਨ ਤਜਰਬੇ ਦੀ ਕੁਠਾਲੀ ਚ ਪੱਕਦਾ ਨੀ ਉਹ ਕੱਚ ਘਰੜ ਸੱਚ ਈ ਹੁੰਦਾ। ਸਾਡੀਆਂ ਦਾਦੀਆਂ ਨਾਨੀਆਂ ਦੇ ਅਜਮਾਏ ਹੋਏ ਨੁਸਖੇ ਜਾਂ ਖਾਣ ਪੀਣ ਦੋ ਤੌਰ ਤਰੀਕੇ ਤਾਂ ਸਦੀਆਂ ਤੋਂ ਹਰ ਘਰ ਈ ਤੁਰੇ ਆਉਂਦੇ ਆ , ਕੋਸ਼ਿਸ਼ ਕਰ ਰਹੀ ਆਂ ਉਹਨਾਂ ਨੂੰ ਅੰਗਰੇਜੀ ਤੇ ਪੰਜਾਬੀ ਦੋਵਾਂ ਚ ਈ ਲਿਖਣ ਦੀ। ਜੇ ਕੋਈ ਹੋਰ ਭੈਣ ਭਾਈ ਆਪਣੀ ਸਾਂਝ ਪਾਉਣੀ ਚਾਹੁੰਦਾ ਤਾਂ ਪਾ ਸਕਦਾ ਤਾਂਕਿ ਅਸੀਂ ਵੀ ਆਪਣੇ ਬਜੁਰਗਾਂ ਦੀ ਸਿੱਧੀ ਸਾਧੀ ਜਿਹੀ ਰਸੋਈ ਤੇ ਹੱਥਾਂ ਦੀ ਸਿਆਣਪ ਨੂੰ ਵਰਤ ਕੇ ਜਿੰਦਗੀ ਨੂੰ ਥੋੜਾ ਜਿਹਾ ਸੌਖਾ ਤੇ ਸਿਹਤਮੰਦ ਬਣਾ ਸਕੀਏ।

One Comment Add yours

  1. jiit6784 says:

    ਭਾਈ, ਮੈਂਨੂੰ ਤਾਂ ਜਦੋਂ ਬੀਬੀ ਲੱਸੀ ਖੱਦਰ ਦੇ ਪੋਣੇ ਚ ਪਾ ਕੀਲੇ ਟੰਗ ਪਨੀਰ ਬਣਾਉਂਦੀ ਤਾਂ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ। ਕਿਉਂ ਜੋ ਓਹ ਫਿਲਟਰ ਪਨੀਰ (ਕਾਠਾ) ਕੱਢਣ ਵੇਲੇ ਪੋਣੇ ਦੇ ਦੋ ਲੜ ਮੈਂ ਫੜਨੇ, ਤੀਜਾ ਬੀਬੀ ਨੇ ਖੱਬੇ ਹੱਥ ਤੇ ਚੌਥਾ ਗੋਡੇ ਤੇ ਖੱਬੀ ਕੂਹਣੀ ਨਾਲ ਨੱਪ ਸੱਜੇ ਹੱਥ ਨਾਲ ਕੜਛੀ ਚਲਾ ਭਾਂਡੇ ਚ ਕੱਢਣਾ। ਤੇ ਪਹਿਲਾਂ ਹੀ ਬੋਲਣਾ “ਦੋਏ ਹੱਥ ਧਿਆਨ ਨਾਲ ਘੁੱਟ ਕੇ ਫੜੀਂ ਮਾੜੀ ਨੀਤ ਆਲਿਆ ਜੀਭ ਦਾ ਖਿਆਲ ਈ ਨਾ ਰੱਖੀਂ।” ਮੈਂਨੂੰ ਪਿਓਰ ਕਾਠੇ ਪਨੀਰ ਦੀ ਇੱਕ ਡਲ਼ੀ ਇਨਾਮ ਚ ਚਾਹੀਦੀ ਹੁੰਦੀ। ਬਾਕੀ ਸਾਰੇ ਚ ਤਾਂ ਪਾਣੀ ਰਲ਼ਾ ਹੱਟੀ ਤੋਂ ਲਿਆਂਦੀਆਂ ਨੂਣੀਆਂ ਪਕੌੜੀਆਂ ਜਾਂ ਕੱਦੂਕਸ ਘੀਆ (ਜੋ ਮੈਂਨੂੰ ਸਵਾਦ ਨਹੀਂ ਲਗਦਾ ਹੁੰਦਾ ਸੀ) ਤੇ ਨੂਣ ਮਿਰਚ ਮਸਾਲਾ ਪਾ ਘੋਟ ਕੇ ਸਾਰੇ ਟੱਬਰ ਜੋਗਰਾ ਵਧਾਉਣਾ ਹੁੰਦਾ ਸੀ। ‘ਬੀਬੀ ਮੇਰੀ ਡਲ਼ੀ ?’ ਕਰਦੇ ਨੇ ਇੱਕ ਵਾਰੀ ਪੋਣੇ ਦਾ ਲੜ ਛੱਡ ਤਾ ਸੀ ਤੇ ਫੇਰ ਲਿੱਬੜੀ ਕੜਛੀ ਹੀ ਮੇਰੇ ਨਾਸਾਂ ਤੇ ਪਈ ਸੀ ਤੇ ਦੂਜਾ ਲੜ ਵੀ ਛੱਡ ਜਦੋਂ ਭੱਜਿਆ ਤਾਂ ਮੇਰੇ ਆਲੀ ਪਟੜੀ ਵੱਘਮੀਂ ਗਿੱਟਿਆਂ ਚ ਨੂੰ ਆ ਵੱਜੀ। ‘ਹਾਏ ਬੀਬੀਏ ਮਾਰਤਾ’ ਅੱਜ ਵੀ ਸੁਫਨੇ ਚ ਆ ਜਾਂਦਾ।

    Like

Leave a comment