ਚਾਨਣੀ ਮਾਰ ਗਈ

ਬੇਬੇ ਬਿਸ਼ਨੀ ਇਕੱਲੀ ਕਹਿਰੀ ਜਾਨ ਸੀ ਪਰ ਸੀ ਸ਼ਾਂਤ ਸੁਭਾਅ ਸਮੁੰਦਰ ਵਰਗੀ, ਨਾ ਕਿਸੇ ਦੀ ਨਿੰਦਾ ਚੁਗਲੀ ਕਰਦੀ ਨਾ ਕਿਸੇ ਨੂੰ ਮਾੜਾ ਚੰਗਾ ਬੋਲਦੀ। ਸਾਰੀ ਉਮਰ ਈ ਦੁੱਖਾਂ ਤੇ ਗਰੀਬੀ ਦੀ ਮਾਰੀ ਨੇ ਚੁੱਪ ਚੁਪੀਤੇ ਤੇ ਸਬਰ ਨਾਲ ਈ ਕੱਢੀ। ਚੜਦੀ ਉਮਰੇ ਤਾਂ ਕੰਮ ਨੂੰ ਮੂਹਰੇ ਲਾ ਰੱਖਿਆ , ਮੱਝਾਂ ਦੇ ਦੁੱਧ ਵੇਚ ਕੇ ਘਰ ਦਾ ਸੋਹਣਾ ਗੁਜਾਰਾ ਚਲਾਉਂਦੀ ਰਹੀ, ਧੀਆਂ ਪੁੱਤ ਵੀ ਪਾਲੇ ,ਪਰ ਸਭ ਇੱਕ ਇੱਕ ਕਰਕੇ ਸਾਥ ਛੱਡ ਗਏ। ਬੁਢਾਪੇ ਚ ਉਹਦਾ ਸਹਾਰਾ ਬੱਸ ਦੋ ਕਿੱਲੇ ਜਮੀਨ ਈ ਸੀ,ਜਿਹਦੇ ਚੋਂ ਖਾਣ ਜੋਗੇ ਦਾਣੇ ,ਵਟਾਈ ਆਲਿਆਂ ਦੀ ਮਿਹਰਬਾਨੀ ਕਰਕੇ ਆ ਜਾਂਦੇ ਸੀ। ਆਮ ਕਰਕੇ ਅੱਧ ਵਟਾਈ ਤੇ ਜਮੀਨ ਉਹ ਸਕਿਆਂ ਸੋਦਰਿਆਂ ਨੂੰ ਈ ਦਿੰਦੀ ਪਰ ਇੱਕ ਵਾਰ ਚੰਗੇ ਸਰਦੇ ਪੁੱਜਦੇ ਸਰਦਾਰਾਂ ਨੂੰ ਦੇ ਬੈਠੀ।

ਸੋਚਦੀ ਸੀ ਰੱਜੀ ਰੂਹ ਵਾਲੇ ਨੇ ,ਸਾਰੇ ਧਾਰਮਿਕ ਕੰਮਾਂ ਚ ਮੂਹਰੇ ਹੁੰਦੇ ਆ, ਜੁਬਾਨ ਦੇ ਮਿੱਠੇ ਆ,ਮੇਰਾ ਧਿਆਨ ਰੱਖਣਗੇ ਪਰ ਜਦ ਗੱਲ ਮੱਕੀ ਵੰਡਣ ਦੀ ਆਈ ਤਾਂ ਉਹਨਾਂ ਨੇ ਬੇਬੇ ਨਾਲ ਚਿੜੀ ਤੇ ਕਾਂ ਆਲੀ ਵੰਡ ਕਰਤੀ। ਬੇਬੇ ਦੇ ਘਰ ਮੱਕੀ ਦਾ ਪੂਰਾ ਨੱਕੋ ਨੱਕ ਭਰਿਆ ਪੀਪਾ ਦੇਣ ਆ ਗਏ। ਬੇਬੇ ਕਦੇ ਪੀਪੇ ਵੱਲ ਵੇਖੇ ਤੇ ਕਦੇ ਦਾਣੇ ਦੇਣ ਆਈ ਸਰਦਾਰਾਂ ਦੀ ਬੁੜੀ ਵੱਲ । ਸਬਰ ਦੀ ਪੁੰਜ ਬੇਬੇ ਦੇ ਮੂੰਹੋ ਸੁਤੇ ਸੁਭਾਅ ਈ ਨਿੱਕਲ ਗਿਆ ਬਈ ਐਤਕੀਂ ਤੁਹਾਡੇ ਕੀ ਚਾਨਣੀ ਮਾਰ ਗਈ ,ਬਾਕੀਆਂ ਦੇ ਤਾਂ ਸੁੱਖ ਨਾਲ ਸੋਹਣੇ ਝਾੜ ਨਿੱਕਲੇ ਆ। ਅੱਗੋਂ ਢੀਠਾਂ ਦੀ ਮਾਂ ਕਹਿੰਦੀ ਨਾ ਮਾਂਜੀ ਐਤਕੀਂ ਥੋਡੇ ਆਲੀ ਮੱਕੀ ਦੇ ਪੱਕਣ ਵੇਲੇ ਹਵਾ ਫਿਰ ਗੀ ਸੀ। ਚਲੋ ਬੇਬੇ ਚੁੱਪ ਕਰ ਗਈ।

ਅਗਲੇ ਸਾਲ ਤੋਂ ਬੇਬੇ ਨੇ ਜਮੀਨ ਹਮੇਸ਼ਾ ਕਿਸੇ ਲੋੜਵੰਦ ਤੇ ਗਰੀਬ ਨੂੰ ਈ ਦਿੱਤੀ, ਕਹਿਣਾਂ ਗਰੀਬ ਈ ਰੱਬ ਤੋਂ ਡਰਦਾ, ਤੇ ਗਰੀਬ ਦਾ ਦਰਦ ਸਮਝਦਾ,ਅਮੀਰ ਨੀ। ਪਰ ਰੱਬ ਦੀ ਕੁਦਰਤ ਸਰਦਾਰਾਂ ਦੇ ਐਸੀ ਚਾਨਣੀ ਵੱਜੀ,ਮੁੜ ਤਾਬ ਈ ਨਾ ਆਏ। ਟਰਾਲੀਆਂ ਟਰੈਕਟਰਾਂ ਦੇ ਮਾਲਕ ਲੀਹੋਂ ਲਹਿ ਗਏ,ਕਦੇ ਮੀਂਹ,ਕਦੇ ਸੋਕਾ,ਕਦੇ ਬਿਮਾਰੀ ਨੇ ਐਸੇ ਝੰਬੇ , ਫਸਲ ਵੀ ਬੱਸ ਪੀਪਿਆਂ ਚ ਪੈਣ ਜੋਗੀ ਓ ਹੋਣ ਲੱਗ ਗੀ। ਬਥੇਰੇ ਪੁੰਨ ਦਾਨ ਕਰਦੇ ਰਹੇ ਪਰ ਬੇਬੇ ਬਿਸ਼ਨੀ ਦਾ ਤਰਕ ਤੇ ਮਾਰਿਆ ਹੱਕ ਸਮਝ ਨਾ ਆਇਆ, ਜਦ ਤੱਕ ਸਮਝ ਆਇਆ ਬੇਬੇ ਅਗਾਂਹ ਤੁਰ ਗਈ ਸੀ ਤੇ ਉਹ ਚਾਨਣੀ ਦੇ ਮਾਰੇ ਸਰਦਾਰ ਘਰੋਂ ਬੇਘਰ ਹੋਕੇ ਗਲੀਆਂ ਚ ਰੁਲ ਗਏ।

Leave a comment