ਰਿਸ਼ਤਿਆਂ ਤੇ ਲੂਣ ਦੀ ਕੀਮਤ

ਛੋਟੇ ਹੁੰਦਿਆਂ ਜੇ ਲੂਣ ਡੁੱਲ ਜਾਣਾ ਤਾਂ ਨਾਨੀ ਨੇ ਕਹਿਣਾ ਲੂਣ ਡੁੱਲਿਆ ਮਾੜਾ ਹੁੰਦਾ,ਅਗਲੇ ਜਨਮ ਚ ਅੱਖਾਂ ਨਾਲ ਚੁਗਣਾ ਪੈਂਦਾ ਤਾਂ ਡਰਦਿਆਂ ਕੱਲੀ ਕੱਲੀ ਡਲੀ ਚੱਕ ਕੇ ਕੌਲੀ ਚ ਪਾ ਦੇਣਾ ,ਉਦੋਂ ਡਲੀਆਂ ਵਾਲਾ ਲੂਣ ਹੁੰਦਾ ਸੀ ਤੇ ਨਾਨੀ ਨੇ ਵੀ ਨੂਣ ਨੂੰ ਪਾਣੀ ਚ ਘੋਲ ਕੇ ਨਿਤਾਰ ਪੁਣ ਕੇ ਦਾਲ ਸਬਜੀ ਚ ਪਾ ਲੈਣਾਂ ਜਾਂ ਡੰਗਰਾਂ ਦੇ ਵੰਡ ਚ ਪਾ ਦੇਣਾ। ਅਸਲ ਚ ਤਾਂ ਇਹ ਵੀ ਇੱਕ ਤਰੀਕਾ ਈ ਹੁੰਦਾ ਸੀ ਚੀਜਾਂ ਦੀ ਕਦਰ ਜਾਂ ਸੋਚ ਸਮਝ ਕੇ ਕੰਜੂਸੀ ਨਾਲ ਵਰਤਣਾ ਸਿਖਾਉਣ ਦਾ। ਉਹਨਾਂ ਵੇਲਿਆਂ ਚ ਪੈਸਾ ਬਣਦਾ ਵੀ ਮੁਸ਼ਕਲ ਨਾਲ ਈ ਹੁੰਦਾ ਸੀ ਤੇ ਘਰ ਚਲਾਉਣ ਲਈ ਉਹਨਾਂ ਨੂੰ ਮਿਹਨਤ ਦੇ ਨਾਲ ਨਾਲ ਕੰਜੂਸੀ ਕਰਨੀ ਸਿੱਖਣੀ ਹੀ ਪੈਂਦੀ ਸੀ।

ਹੁਣ ਕਈ ਵਾਰ ਜਦ ਉਹੀ ਲੂਣ ਨੂੰ ਬੀਬੀਆਂ ਵਲੋਂ ਮੁੱਠੀਆਂ ਭਰ ਭਰ ਨਜਰ ਉਤਾਰ ਕੇ ਨਲਕਿਆਂ ਜਾਂ ਟੂਟੀਆਂ ਹੇਠ ਵਗਾਉਂਦਿਆਂ ਵੇਖਦੀ ਆਂ ਤਾਂ ਹਾਸਾ ਆ ਜਾਂਦਾ। ਉਹ ਤਾਂ ਵਿਚਾਰੀਆਂ ਨਜਰ ਵੀ ਸਸਤੇ ਚ ਈ ਅਗਲੇ ਦੇ ਪੈਰਾਂ ਦੀ ਮਿੱਟੀ ਚੱਕ ਕੇ ਉਤਾਰ ਲੈਂਦੀਆਂ ਸੀ। ਅਸਲ ਚ ਗੱਲ ਬੱਸ ਜੇਬ ਜਾਂ ਹੈਸੀਅਤ ਤੇ ਆ ਕੇ ਈ ਮੁੱਕਦੀ ਆ। ਕੰਜੂਸੀ ਤੇ ਚੀਜਾਂ ਨੂੰ ਸੋਚ ਸਮਝ ਕੇ ਵਰਤਣਾਂ ਉਹਨਾਂ ਦੀ ਲੋੜ ਸੀ, ਘਰ ਦਾ ਸਮਾਨ ਕੱਪੜਾ ਲੀੜਾ ਅਣਸਰਦੇ ਨੂੰ ਈ ਖਰੀਦ ਦੇ ਸੀ ਬਹੁਤੀ ਵਾਰ ਤਾਂ ਆਂਢੀਆਂ ਗੁਆਂਢੀਆਂ ਤੋਂ ਮੰਗ ਕੇ ਈ ਸਾਰ ਲੈਂਦੇ ਸੀ। ਵਿਆਹਾਂ ਸ਼ਾਦੀਆਂ ਤੇ ਜਾਣ ਲਈ ਵੀ ਆਮ ਈ ਲੋਕ ਕੱਪੜੇ,ਜੁੱਤੀਆਂ ਮੰਗ ਕੇ ਲੈ ਜਾਂਦੇ ਸੀ। ਟੂੰਮਾਂ ਮੰਗਕੇ ਤਾਂ ਲੋਕ ਮੁੰਡੇ ਵਿਆਹ ਲਿਆਉਂਦੇ ਸੀ ।ਅਸਲ ਚ ਉਹ ਭਾਵੇਂ ਪੈਸੇ ਦੇ ਮਾਮਲੇ ਚ ਕੰਜੂਸ ਹੁੰਦੇ ਸੀ ਪਰ ਰਿਸ਼ਤੇ ਤੇ ਸਾਕ ਦਰਿਆ ਦਿਲੀ ਨਾਲ ਨਿਭਾਉਂਦੇ ਸੀ ।

ਹੁਣ ਕਈ ਵਾਰ ਲੱਗਦਾ ਅਸੀਂ ਉਲਟੀ ਸੋਚ ਦੇ ਧਾਰਨੀ ਬਣ ਗਏ, ਰਿਸ਼ਤਿਆਂ ਚ ਕੰਜੂਸੀ ਨਾਲ ਵਰਤਦੇ ਆਂ ਪਰ ਸਮਾਨ ਚੀਜਾਂ ਖਰੀਦਣ ਚ ਪੂਰੇ ਦਰਿਆ ਦਿਲ। ਕਸੂਰ ਸ਼ਾਇਦ ਕਿਤੇ ਨਾ ਕਿਤੇ ਹਰ ਚੀਜ ਦੀ ਬਹੁਤਾਤ ਤੇ ਪਾਇਦਾਰੀ ਦਾ ਵੀ ਆ ਪਰ ਜਿਹਨਾਂ ਨੇ ਉਹਨਾਂ ਬੀਬੀਆਂ ਬਾਬਿਆਂ ਦੀ ਸ਼ਾਗਿਰਦੀ ਕੀਤੀ ਆ ਉਹ ਭੱਠੀ ਚ ਪਏ ਸੋਨੇ ਵਰਗੇ ਆ। ਹਰ ਚੀਜ ਦੀ ਕਦਰ ਕਰਨਾ ਵੀ ਉਹਨਾਂ ਦੀ ਸੋਚ ਦਾ ਹਿੱਸਾ ਈ ਬਣ ਜਾਂਦਾ। ਵੈਸੇ ਤਾਂ ਆਪਾਂ ਸਾਰੇ ਈ ਜਾਣਦੇ ਆਂ ਬਈ ਸਾਡੀ ਸੰਤੁਸ਼ਟੀ ਲਈ ਤਾਂ ਦੋ ਰੋਟੀਆਂ ਈ ਕਾਫੀ ਹੁੰਦੀਆਂ ਪਰ ਅਸੀਂ ਆਪਣੇ ਪਾਏ ਖਿਲਾਰੇ ਚ ਉਲਝੇ ਈ ਸਾਰੀ ਜਿੰਦਗੀ ਕੱਢ ਜਾਨੇ ਆਂ । ਜਦ ਤੱਕ ਅਸਲ ਸਮਝ ਆਉਂਦੀ ਆਂ ਬਈ ਸਾਰਥਕ ਤੇ ਸੋਹਣੀ ਜਿੰਦਗੀ ਜਿਓਣ ਲਈ ਚੀਜਾਂ ਦੇ ਨਾਲ ਨਾਲ ਰਿਸ਼ਤਿਆਂ ਤੇ ਪਿਆਰ ਦੀ ਵੀ ਜਰੂਰਤ ਹੁੰਦੀ ਆ ਤਾਂ ਕਈ ਵਾਰ ਜਿੰਦਗੀ ਤੇ ਰਿਸ਼ਤੇ ਸਾਡੇ ਹੱਥਾਂ ਵਿੱਚਦੀ ਕਿਰ ਜਾਂਦੇ ਆ।

Leave a comment